Monday, March 14, 2011

ghazal.....

ਪੁੱਛੀਂ ਨਾ ਕੀ ਹਾਲ ਵੇ ਸੱਜਣਾ |

ਤਾਲੋਂ ਹਾਂ ਬੇਤਾਲ ਵੇ ਸੱਜਣਾ |

ਤੇਰੇ ਬਾਝੋਂ ਲੰਘਦੇ ਨੇ ਜੋ ,

ਪਲ ਵੀ ਲਗਦੇ ਸਾਲ ਵੇ ਸੱਜਣਾ |

ਨਾ ਸੁਫ਼ਨੇ ਨਾ ਰੀਝਾਂ ਰਹੀਆਂ,

ਤਨਹਾਈ ਬਸ ਨਾਲ ਵੇ ਸੱਜਣਾ |

ਸੋਚਾਂ ਦਾ ਜੰਗਲ ਹੈ ਮਨ ਵਿਚ ,

ਦਿਲ ਅੰਦਰ ਭੂਚਾਲ ਵੇ ਸੱਜਣਾ |

ਛਾਵਾਂ ਰੁੱਸੀਆਂ ਸਿਖ਼ਰ ਦੁਪਹਿਰੇ,

ਤੁਰਨਾ ਬਹੁਤ ਮੁਹਾਲ ਵੇ ਸੱਜਣਾ |

ਹੰਝੂਆਂ ਨੇ ਖੋਰੇ ਸਭ ਸੁਫ਼ਨੇ,

ਹੋਏ ਨਾ ਸੰਭਾਲ ਵੇ ਸੱਜਣਾ |

ਸਾਹਵਾਂ ਦੇ ਵਿਚ ਮਹਿਕਾਂ ਮੌਲਣ,

ਯਾਦ ਤੁਰੇ ਜਦ ਨਾਲ ਵੇ ਸੱਜਣਾ

No comments:

Post a Comment