Monday, August 22, 2011

ghazal...

ਉਮਰ ਬਿਤਾਉਣੀ ਸੀ ਇਸ ਕਰਕੇ ਅਕਸਰ ਸੀ ਮੁਸ੍ਕਾਉਂਦੇ ਰਹੇ |

ਅਪਣੇ ਦਰਦਾਂ ਦੇ ਉੱਤੇ ਹਾਸੇ ਦਾ ਜਾਮਾਂ ਪਾਉਂਦੇ ਰਹੇ |

ਹੰਝੂਆਂ ਵਿਚ ਖੁਰ ਜਾਣੋ ਡਰਦੇ ਸੀ, ਸ਼ਾਇਦ ਇਸ ਕਰਕੇ ਹੀ,

ਮੇਰੀਆਂ ਪਲਕਾਂ ਉੱਤੇ ਸੁਫਨੇ ਬੈਠਣ ਤੋਂ ਕਤਰਾਉਂਦੇ ਰਹੇ |

ਘਰ ਦਾ 'ਨੇ੍ਰ ਨਹੀਂ ਮਿਟਿਆ, ਨਾ ਰੌਸ਼ਨ ਹੋਏ ਬਨੇਰੇ ਹੀ ,

ਉਂਝ ਤਾਂ ਤੂਫਾਨਾਂ ਦੀ ਹਿੱਕ 'ਤੇ ਰੋਜ਼ ਚਰਾਗ਼ ਜਗਾਉਂਦੇ ਰਹੇ|

ਜਗਦੇ ਦੀਵੇ ਵਰਗਾ ਜੀਵਨ ਸਾਡੇ ਹਿੱਸੇ ਨਾ ਆਇਆ ,

ਗਿਣੇ ਮਿਥੇ ਸਾਹਾਂ ਦੀ ਪੂੰਜੀ ਧੁਖ-ਧੁਖ ਅਸੀਂ ਮੁਕਾਉਦੇ ਰਹੇ|

ਦਿਲ ਦੇ ਸਾਜ਼ ਤੇ ਜਦ ਵੀ ਛੇੜੀ ਸਰਗਮ ਤੇਰੀਆਂ ਯਾਦਾਂ ਨੇ,

ਪੁੱਛੀਂ ਨਾ ਕਿੰਝ ਨੈਣਾਂ ਵਿਚਲਾ ਸਾਵਣ ਅਸੀਂ ਲੁਕਾਉਂਦੇ ਰਹੇ|

ਤੇਰੇ ਬਖ਼ਸ਼ੇ ਜ਼ਖ਼ਮਾਂ ਨੂੰ ਸੰਭਾਲ ਕੇ ਰੱਖਿਆ ਅੱਜ ਤੀਕਰ,

ਰੁੱਸ-ਰੁੱਸ ਜਾਂਦੇ ਦਰਦਾਂ ਨੂੰ ਵੀ ਸੀਨੇ ਲਾ ਪਤਿਆਉਦੇ ਰਹੇ |

ਤਨਹਾਈ ਦੇ ਮੌਸਮ ਵਿਚ ਵੀ ਇਹ ਦਿਲ 'ਕੱਲਾ ਨਾ ਹੋਇਆ ,

ਬੀਤੀ ਰੁਤ ਦੇ ਮੰਜ਼ਰ ਅਕਸਰ ਸੋਚਾਂ ਦੇ ਵਿਚ ਆਉਂਦੇ ਰਹੇ |

Thursday, August 11, 2011

ghazal...

ਸ਼ਾਜਿਸ਼ਾਂ ਅਕਸਰ ਹਨੇਰਾ ਐਸੀਆਂ ਕਰਦਾ ਰਿਹਾ |
ਚਾਨਣੀ ਕੋਲੋਂ ਵੀ ਮੇਰਾ ਦਿਲ ਸਦਾ ਡਰਦਾ ਰਿਹਾ |

ਚੰਨ ਦੀ ਥਾਂ ਜੁਗਨੁੰਆਂ ਦੇ ਨਾਲ ਕਾਲੀ ਰਾਤ ਵਿਚ ,
ਕੀ ਪਤਾ ਤੈਨੂੰ ਕਿ ਮੇਰਾ ਕਿਸ ਤਰ੍ਹਾਂ ਸਰਦਾ ਰਿਹਾ |

ਸੋਚਿਆ ਸੀ ਤੁਰ ਪਵਾਂ ਪੈਰਾਂ 'ਚ ਭਟਕਣ ਬੰਨ੍ਹ ਕੇ ,
ਮੇਰਿਆਂ ਪੈਰਾਂ 'ਚ ਬੰਧਨ ਪਰ ਸਦਾ ਘਰ ਦਾ ਰਿਹਾ |

ਗੱਲ ਨਾ ਦਿਲ ਦੀ ਸੁਣੀਂ ਬਹਿ ਕੇ ਕਦੇ ਵੀ ਸਾਹਮਣੇ ,
ਉਹ ਮੇਰੇ ਜ਼ਜਬਾਤ ਦੀ ਬਸ ਪੈਰਵੀ ਕਰਦਾ ਰਿਹਾ |

ਭਰਮ ਕਿਧਰੇ ਟੁੱਟ ਨਾ ਜਾਵੇ ਮੇਰਾ, ਇਹ ਸੋਚ ਕੇ ,
ਜ਼ਹਿਨ ਅਪਣੀ ਸੋਚ ਤੇਰੇ ਹਾਣ ਦੀ ਕਰਦਾ ਰਿਹਾ|

ਫੁੱਲਾਂ ਵਰਗੇ ਰਿਸ਼ਤਿਆਂ ਦੀ ਲਾਸ਼ ਉਹ ਢੋਂਦਾ ਸੀ ,ਜੋ ,
ਮਹਿਕਾਂ ਵਰਗੇ ਰਿਸ਼ਤਿਆਂ ਦੇ ਨਾਮ ਸੀ ਧਰਦਾ ਰਿਹਾ |

ਖੁਸ਼ ਰਿਹਾ ਜੋ ਬਿਰਖ ਰਹਿ ਕੇ ਰੋਹੀ ਅੰਦਰ ਵੀ ਸਦਾ ,
ਉਹ ਕਿਸੇ ਜੰਗਲ 'ਚ ਸ਼ਾਇਦ ਗੁੰਮਣੋਂ ਡਰਦਾ ਰਿਹਾ |