Sunday, January 20, 2013

ghazal....

ਡੁਬ ਨਾ ਜਾਵੇ ਦਿਲ ਨੂੰ ਏਨਾ ਰਾਸ ਕਰੀਂ ।
ਅਪਣੇ ਆਪੇ ਤੇ ਥੋੜਾ ਵਿਸ਼ਵਾਸ ਕਰੀਂ ।
ਰੇਤ ਬਣੇ ਦਰਿਆਵਾਂ ਕੋਲੋਂ ਕੀ ਮਿਲਣੈਂ,
ਐਵੇਂ ਨਾ ਤੂੰ ਤੀਬਰ ਅਪਣੀ ਪਿਆਸ ਕਰੀਂ ।
ਦੋਸ਼ ਬਿਗਾਨੇ ਵਿਹੜੇ ਨੂੰ ਹੀ ਦੇਵੀਂ ਨਾ ,
ਆਪਣਿਆਂ ਐਬਾਂ ਦਾ ਵੀ ਅਹਿਸਸ ਕਰੀਂ ।
ਅਮਲਾਂ ਦੀ ਦਰਗਾਹ ਵਿਚ ਲੇਖਾ ਦੇਣੈ ਜਦ ,
ਝੁਕ ਨਾ ਜਾਵਣ ਨਜ਼ਰਾਂ ਇਹ ਅਰਦਾਸ ਕਰੀਂ ।
ਔਖੇ ਵੇਲ਼ੇ ਪਰਛਾਵਾਂ ਤਕ ਛਡ ਦਿੰਦੈ ,
ਦੁਨੀਆਂ ਤੋਂ ਨਾ ਬਹੁਤੀ ਕੋਈ ਆਸ ਕਰੀਂ
ਤਕ਼ਦੀਰਾਂ ਦੀ ਹੋਣੀ ਹੈ ਤਦਬੀਰਾਂ ਵਿਚ ,
ਲਿਖਿਆਂ ਲੇਖਾਂ ਤੇ ਹੀ ਨਾ ਭਰਵਾਸ ਕਰੀਂ ।
ਨੱਕੋਂ ਅੱਗੇ ਵੇਖਣ ਦੀ ਨਾ ਸੂਝ ਰਹੇ ,
ਹਉਮੈਂ ਨੂੰ ਨਾ ਏਨਾ ਅਪਣੇ ਪਾਸ ਕਰੀਂ ।

ghazal....

ਜੇ ਨਹੀਂ ਚਹੁੰਨੈ ਦਿਲਾ ਤੂੰ ਤੜਪਣਾ ।
ਰੀਝ ਕੋਈ ਫਿਰ ਨਵੀਂ ਨਾ ਪਾਲਣਾ ।
ਰਿਸ਼ਤਿਆਂ ਅੰਦਰ ਤਜ਼ਾਰਤ ਵਸ ਗਈ ,
ਫੇਰ ਵੀ ਔਖੈ ਇਨ੍ਹਾਂ ਨੂੰ ਛੱਡਣਾ ।
ਪੈੜ ਹੈ ,ਪੈਂਡਾ , ਪੜਾ ਹੈ ,ਸਫਰ ਹੈ ,
ਜਿੰਦਗੀ ਦਾ ਨਾਮ ਦੂਜਾ ਭਟਕਣਾ ।
ਪੈ ਗਿਆ ਏ ਪੀੜ ਦਾ ਚਸਕਾ ਜਿਹਾ ,
ਜ਼ਖਮ ਦਿਲ ਦੇ ਰੋਜ ਚਾਹਾਂ ਛਿੱਲਣਾ ।
ਖੋਟ ਮੇਰੇ ਇਸ਼ਕ਼ ਦੀ ਸਾਬਤ ਕਰੀਂ ,
ਏਸ ਨੂੰ ਚਾਹੇਂ ਕਦੀ ਜੇ ਪਰਖਣਾ ।
ਆਜ਼ਮਾ ਕੇ ਵੇਖ ਲੈ ਸੌਖਾ ਨਹੀਂ ,
ਬਹੁਤ ਔਖੈ ਖ਼ਾਬ ਮਰਦਾ ਵੇਖਣਾ ।
ਤਜ ਸਕੇ ਨਾ ਜਾਂਗਲੀ ਸੋਚਾਂ ਅਸੀਂ ,
ਰਾਸ ਆਇਆ ਇਲਮ ਦਾ ਨਾ ਚਾਨਣਾ ।

ghazal

ਇਸ ਤਰ੍ਹਾਂ ਜੰਗਲ ਵਧਾਏ ਜਾ ਰਹੇ ਨੇ ।
ਗਮਲਿਆਂ ਵਿਚ ਰੁੱਖ ਲਾਏ ਜਾ ਰਹੇ ਨੇ ।

ਇਹ ਜ਼ਹਾਲਤ ਜੇ ਨਹੀ ਤਾ ਹੋਰ ਕੀ ਹੈ ,
ਕੁੱਖ ਵਿਚ ਖੰਜ਼ਰ ਚਲਾਏ ਜਾ ਰਹੇ ਨੇ ।

ਆਸਥਾ ਤਾਂ ਵਸਤ ਹੈ ਫੁੱਲਾਂ ਜਿਹੀ ,ਪਰ
ਰੱਬ ਪੱਥਰ ਦੇ ਬਣਾਏ ਜਾ ਰਹੇ ਨੇ ।

ਤੂੰ ਜਰਾ ਮਹਿਸੂਸ ਕਰਕੇ ਵੇਖ ,ਮੇਰੇ
ਦਿਲ 'ਚ ਕਿੰਨੇ ਗਮ ਛੁਪਾਏ ਜਾ ਰਹੇ ਨੇ ।

ਜਿੰਦਗੀ ਤੇ ਦਾਗ਼ ਖ਼ੁਦ ਹੀ ਲਾ ਲਏ,ਪਰ
ਦੌਰ ਤੇ ਇਲਜ਼ਾਮ ਲਾਏ ਜਾ ਰਹੇ ਨੇ ।

ਇਹ ਹੈ ਉਸਦੀ ਨੇੜਤਾ ਦੀ ਇੰਤਹਾ ,ਹੁਣ
ਦਿਲ 'ਚ ਰਹਿ ਕੇ ਸਾਹ ਸੁਕਾਏ ਜਾ ਰਹੇ ਨੇ ।

Friday, January 11, 2013

nazam...rabb nun....


 ਬੜਾ ਸੌਖਾ ਹੈ ਰੱਬ ਹੋਣਾ .......
'ਤੇ ...............
ਕਿਸੇ  ਸੁਰੱਖਿਅਤ  ਥਾਂ ਤੇ ਬੈਠ  
 ਆਪਣੀ ਤਾਕਤ ਦੇ ਜੋਰ  
ਹਰ ਇਕ ਕੋਲੋਂ  
ਆਪਣੀ  ਇੱਛਾ ਮੰਨਵਾਉਣਾ....


ਪਰ .......... 
ਬੜਾ ਔਖਾ ਹੈ  
ਇਨਸਾਨ ਹੋ ਕੇ  
ਬੇਬਸੀ  ਨਾਲ 
ਅੱਖਾਂ 'ਚ ਹੰਝੂ ਭਰ 
' ਤੇਰੇ '  ਭਾਣੇ ਨੂੰ ਮਿੱਠਾ   ਕਰ ਕੇ ਮੰਨਣਾ..........

ghazal..

ਧੁੱਪ ਤੇ ਪਰਛਾਂਵਿਆਂ ਦਾ ਸਿਲਸਿਲਾ ਬਣਿਆਂ ਰਹੇ ।
 ਇਸਤਰਾਂ ਇਕ ਦੂਸਰੇ ਦਾ ਆਸਰਾ ਬਣਿਆਂ ਰਹੇ ।

ਦੁਸ਼ਮਣਾਂ ਦੇ ਵਾਂਗ ਤੂੰ ਹੋਵੀ ਨਾ ਮੇਰੇ ਰੂਬਰੂ ,
ਰਹਿਣਦੇ ਇਕ ਭਰਮ ਮੇਰਾ ਸਾਬਤਾ ਬਣਿਆਂ ਰਹੇ ।

ਕੀ ਪਤਾ,ਕਿਸ ਵਕਤ, ਕਿੱਥੋਂ,ਮਿਲ ਪਵੇ ਉਹ ਹਾਦਸਾ .
ਉਮਰ ਭਰ ਫਿਰ ਨਾਲ ਜਿਸਦੇ ਵਾਸਤਾ ਬਣਿਆਂ ਰਹੇ ।

ਇਹ ਅਵੱਲੀ ਭਟਕਣਾ ਤਾਂ ਦੇਣ ਹੈ ਹਾਲਾਤ ਦੀ ,
ਦਿਲ ਕਦੋਂ ਚਹੁੰਦੈ ਕਿ ਜੀਵਨ ਕਰਬਲਾ ਬਣਿਆਂ ਰਹੇ ।

ਸਬਰ ਪੈਰਾਂ ਦਾ ਜਰਾ ਤੂੰ ਆਜ਼ਮਾ ਕੇ ਵੇਖ ਲੈ ,
ਇਹ ਨਾ ਹੋਵੇ ਰਸਤਿਆਂ ਤੇ ਫਿਰ ਗਿਲਾ ਬਣਿਆਂ ਰਹੇ ।

ghazal

ਨਾਲ ਗ਼ਮ ਦੇ ਵੀ ਨਿਭੇ ਚੰਗੇ ਭਲੇ ।
ਵੇਖ ਸਾਡੇ ਦਿਲ -ਜ਼ਿਗਰ ਦੇ ਹੌਂਸਲੇ ।

ਨਿੱਤ ਭੇਜੇ ਖ਼ਾਬ ਵਿਚ ਖੰਡਰ ਕੋਈ ,
ਇਸ ਤਰ੍ਹਾਂ ਕੁਛ ਨੀਂਦ ਸਾਨੂੰ ਹੁਣ ਛਲੇ ।

ਹੋਂਦ ਨੂੰ ਛੁਟਿਆ ਗਈ ਸ਼ਰਮਿੰਦਗੀ ,
ਰੂ-ਬ -ਰੂ ਹੋਏ ਜੁ ਅਪਣੇ ਦਿਨ ਢਲੇ ।

ਉਮਰ ਦਾ ਇਹ ਦੌਰ ਵੀ ਕੀ ਦੌਰ ਹੈ ,
ਮਰ ਗਏ ਨੇ ਜੀਣ ਦੇ ਸਬ ਵਲਵਲੇ ।

ਜ਼ਿੰਦਗੀ ਜੁਗਨੂੰ ਜਿਹੀ ਸੀ ਫੇਰ ਵੀ ,
ਨੇਰ੍ਹ ਵਿਚ ਖ਼ੁਦ ਸੂਰਜਾਂ ਵਾਂਗੂ ਬਲੇ ।

ਕਦਰ ,ਆਦਰ ,ਮਾਣ ਸਾਡੇ ਕੇਸ ਕੰਮ ,
ਨਜ਼ਰ ਤੇਰੀ 'ਚੋਂ ਹਾਂ ਜੇਕਰ ਲਹਿ ਚਲੇ ।

ਖਟਕਿਆ ਜਦ ਨੇਰ੍ਹਿਆਂ ਦਾ ਦਬਦਬਾ ,
ਰਾਤ ਦੇ ਸੀਨੇ 'ਉਹ ' ਦੀਵੇ ਬਣ ਜਲੇ ।

ghazal...

ਬੈਠ ਕਿਨਾਰੇ ਦਿਲ ਜੇ ਡਰਿਆ ,ਤਾਂ ਆਖੀਂ ।
ਇਸ਼ਕ਼ ਝਨਾਂ ਜੇ ਮੈਂ ਨਾ ਤਰਿਆ ,ਤਾਂ ਆਖੀਂ ।

'ਕੱਲੇ ਬਹਿ ਕੇ ਰੋਣਾ ਹੈ ਮਨਜ਼ੂਰ ਮਗ਼ਰ,
ਤੇਰੇ ਅੱਗੇ ਹੰਝੂ ਭਰਿਆ ,ਤਾਂ ਆਖੀਂ ।

ਦਿਲ ਵਿੱਚੋਂ ਨਫਰਤ ਦੀ ਅੱਗ ਬੁਝਾ ਪਹਿਲਾਂ,
ਤਪਦਾ ਸੀਨਾ ਜੇ ਨਾ ਠਰਿਆ ,ਤਾਂ ਆਖੀਂ ।

ਲੱਖ ਕਰਨਗੇ ਦਾਅਵੇ ਦੁੱਖ ਵੰਡਾਵਣ ਦੇ ,
ਤੇਰਾ ਦਰਦ ਕਿਸੇ ਜੇ ਜਰਿਆ ,ਤਾਂ ਆਖੀਂ ।

ਵਿਰਲਾਂ ਥਾਣੀ ਅਪਣੇ ਅੰਦਰ ਝਾਕ ਜਰਾ ,
ਆਪੇ ਤੋਂ ਜੇ ਖੁਦ ਨਾ ਡਰਿਆ ,ਤਾਂ ਆਖੀਂ ।

ਆਪਣਿਆਂ ਤੋਂ ਮਿਲਦੈ ਹੈ ਤੁਅਫ਼ਾ ਹਾਰਾਂ ਦਾ ,
ਦਿਲ ਜੇ ਗ਼ੈਰਾਂ ਕਰ ਕੇ ਹਰਿਆ ,ਤਾਂ ਆਖੀਂ ।

ghazal...

ਸਾਰੀ ਉਮਰਾ ਥੋੜਾਂ ਦਾ ਅਹਿਸਾਸ ਰਿਹਾ ।
ਬਿਨ ਗ਼ਮ ਦੇ ਨਾ ਕੋਈ ਦਿਲ ਦੇ ਪਾਸ ਰਿਹਾ ।

ਸ਼ੰਕੇ ਉੱਗ ਪਏ ਨੇ ਮੰਜ਼ਿਲ ਦੇ ਬਾਰੇ ,
ਪੈਰਾਂ ਨੂੰ ਨਾ ਪੈੜਾਂ ਤੇ ਵਿਸ਼ਵਾਸ ਰਿਹਾ ।

'ਮੈਂ ਤੋਂ ਮੈਂ ' ਤੀਕਰ ਹੀ ਹਾਂ ਮਹਿਦੂਦ ਰਹੇ ,
ਅੰਤਰ-ਮਨ ਵੀ ਹਉਮੈਂ ਦਾ ਹੀ ਦਾਸ ਰਿਹਾ ।

ਮੋਹ ਹੋਇਆ ਨਾ ਅਪਣੇ ਘਰ ਦੇ ਨਾਲ ਕਦੀ ,
ਦਸਤਕ ਦਿੰਦਾ ਸੋਚਾਂ ਵਿਚ ਬਨਵਾਸ ਰਿਹਾ ।

ਧੁੱਪਾਂ ਵਿਚ ਵੀ ਦਿਲ ਨੂੰ ਛਾਂ ਦੀ ਆਸ ਰਹੀ ,
ਬਲਦੀ ਰੁੱਤੇ ਕਿਣਮਿਣ ਦਾ ਭਰਵਾਸ ਰਿਹਾ ।

ਵਾਪਸ ਲੈ ਲੈ ਰੱਬਾ ਐਸਾ ਦਿਲ ਸਾਥੋਂ ,
ਅਜ਼ਲਾਂ ਤੋਂ ਹੈ ਜਿਸ ਵਿਚ ਗ਼ਮ ਦਾ ਵਾਸ ਰਿਹਾ ।

nazam....

ਮੁਆਫ਼ ਕਰੀਂ ਦੋਸਤ.....

by Baljit Saini on Wednesday, 12 September 2012 at 02:38 ·
ਮੁਆਫ਼ ਕਰੀਂ ਦੋਸਤ
ਮੈਂ ਤੇਰੇ ਕਿਸੇ ਵੀ ਲੇਖੇ-ਜੋਖ਼ੇ ਵਿਚ
ਪੂਰੀ ਨਹੀ ਉਤਰ ਸਕੀ ....

ਆਪਣੀ -ਆਪਣੀ ਸੋਚ ਦੀ ਪੋਟਲੀ ਚੁੱਕੀ
ਖੜੇ ਰਹੇ ਅਸੀਂ ਆਰ ਪਾਰ....
ਮੈਂ ਤਾ ਸ਼ਾਇਦ ਕਿਸੇ ਤਰ੍ਹਾਂ
ਡੁਬਦੀ ਤਰਦੀ
ਦੂਸਰੇ ਪਾਰ ਆ ਹੀ ਜਾਂਦੀ
ਪਰ ......
ਤੇਰਾ ਹੀ ਵਿਸਵਾਸ਼ ਕੱਚਾ ਸੀ  
ਮੇਰੇ ਤੇ ਵੀ
ਤੇ ਮੇਰੀ ਆਸਥਾ ਤੇ ਵੀ
ਤਾਂ ਹੀ ਤਾਂ
ਬਿਨਾ ਆਵਾਜ਼ ਦਿੱਤਿਆਂ
ਮੁੜ ਪਿਆ ਸੀ ਤੂੰ
ਤੇ ਮੈਂ .......
ਓਥੇ ਹੀ ਖੜੀ
ਹਰ ਰੋਜ਼
ਪਤਾ ਨਹੀ ਕਿੰਨੀ ਵਾਰੀ
ਜਾਣੇ -ਅਣਜਾਣੇ
ਚੇਤ -ਅਚੇਤ
ਤਰਦੀ ਰਹੀ
ਡੁਬਦੀ ਰਹੀ
ਰੁੜਦੀ ਰਹੀ
ਖੁਰਦੀ ਰਹੀ
ਬਰੇਤਿਆਂ ਵਿਚ ਲੱਭਦੀ ਰਹੀ
ਤੇਰੀਆਂ ਪੈੜਾਂ ਦੇ ਚਮਕਦੇ ਕਣ.....

ਉਸੇ ਸ਼ਹੁ-ਦਰਿਆ ਦੇ ਕਿਨਾਰੇ
ਤਿਰਹਾਈ ਬੈਠੀ ਰਹੀ
ਤਰਸਦੀ ਰਹੀ ਪਾਣੀ ਦੀ ਇਕ ਬੂੰਦ ਲਈ......

ਤੇ ਵੇਖ......  
ਤੇਰੀ ਰਹਿਮਤ ਸਦਕਾ
ਅੱਜ ਮੈਂ ਇੱਕ ਬੂੰਦ ਲਈ ਨਹੀ ਤਰਸਦੀ
ਮਾਲਕ ਹਾਂ ਮੈਂ
ਅੱਖਾਂ 'ਚੋ ਨਿਰੰਤਰ ਵਹਿੰਦੇ
ਬੇਰੋਕ ਸਾਗਰ ਦੇ ਵਿਸ਼ਾਲ ਪਾਣੀਆਂ ਦੀ .........

ਮੁਆਫ਼ ਕਰੀਂ ਦੋਸਤ
ਮੈਂ ਤੇਰੇ ਕਿਸੇ ਵੀ ਲੇਖੇ-ਜੋਖ਼ੇ ਵਿਚ
ਪੂਰੀ ਨਹੀ ਉਤਰ ਸਕੀ ...