Tuesday, August 14, 2012

ਦੁਨੀਆਂ ਸੱਚ ਆਖਦੀ ਹੈ .....


 ਦੁਨੀਆਂ ਸੱਚ ਆਖਦੀ ਹੈ ........
ਇੱਕ ਪੰਨੇ ਦੇ ਦੋ ਪਾਸੇ ਹੁੰਦੇ ਨੇ
 ਤੇ ਅਸਾਡੀ ਸਾਂਝ ਦਾ ਵੀ 
ਅਸਲੋਂ ਇੱਕ ਪੰਨਾ ਹੈ
 ਜਿਸਦੇ ਇੱਕ ਪਾਸੇ  ਲਿਖਿਆ ਹੈ
 ਇਤਬਾਰ,ਪਿਆਰ ਤੇ ਅਸੀਂਮ ਸਤਿਕਾਰ
ਤੇ ਦੂਜਾ ਪਾਸਾ ,,,,,,
ਬਿਲਕੁਲ ਕੋਰਾ, ਸੱਖਣਾ , ਸਫੇਦ
 ਜਿਸ ਤੇ ਓਹ ਹਾਂ ਵੀ ਲਿਖ ਸਕਦਾ ਹੈ ਤੇ ਨਾਹ ਵੀ ......
.ਤੇ ਉਸਦੀ ਹਾਂ ਅਤੇ ਨਾਂਹ ਦੇ ਵਿਚਕਾਰ
 ਲਟਕਦੀ ਹੈ ਜਿੰਦ ਸੂਲੀ ਤੇ
 ਡੱਕੇ ਡੋਲੇ ਖਾਂਦੀ ...
ਨਿੱਤ ਸੁਫ਼ਨੇ ਵੇਖਦੀ 
ਇਹ ਵੀ ਜਾਣਦੀ
ਕਿ  ਸੁਫ਼ਨਿਆਂ ਦਾ ਤਾਂ ਕੰਮ ਹੈ
 ਬੰਦੇ ਨੂੰ ਸੱਚ ਨਾਲੋਂ ਤੋੜੀ  ਰੱਖਣਾ..... 
ਪਰ ਪਤਾ ਨਹੀ ਕੀ ਝੱਲ ਹੈ........
ਹੁਣ ਤਾਂ ਸੋਚ ਵੀ 
ਜਿਊਂਦੀ ਹੈ  ਭਰਮ ਵਿਚ
 ਖਲ਼ਾਅ ਵਿਚੋਂ ਗੁੰਮੀਆਂ ਰੀਝਾਂ ਤਲਾਸ਼ਦੀ
ਆਪਣੇ ਆਪ ਨਾਲ ਸੰਵਾਦ ਰਚਾਉਂਦੀ
 ਆਪਣੇ ਆਪ ਨੂੰ ਵਿਸ਼ਵਾਸ ਦਵਾਉਂਦੀ
 ਕਿ  ਵਕ਼ਤ ਆਵੇਗਾ
ਤੇ ਮੇਰੀ ਬਾਬਤ 
ਬੰਨ੍ਹੀ ਗੰਢ ਦੀ ਤਣੀ ਢਿੱਲੀ ਕਰ ਕੇ
 ਸ਼ਬਦਾਂ ਵਿਚ ਰਸ ਭਰ ਕੇ
ਉਹ ਹੌਲੀ ਜਿਹੀ ਕਹੇਗਾ
'' ਮੈਂ ਤੈਨੂੰ ਬਹੁਤ ਪਿਆਰ ਕਰਦਾਂ ਬੈਲੀ ''
ਪਰ  ਭਰਮ ਕਦੀ ਸੱਚ  ਨਹੀ ਹੁੰਦੇ 
ਅਕਸਰ ਰਸਤੇ  ਭੁਲਾ  ਦਿੰਦੇ ਨੇ
  ਦੁਨੀਆਂ ਸੱਚ ਆਖਦੀ ਹੈ
  ਦੁਨੀਆਂ ਸੱਚ ਆਖਦੀ ਹੈ ।............

Sunday, August 5, 2012

ghazal....

ਜਿਸਨੂੰ ਹਬੀਬ ਸਮਝਿਆ ਅਪਣਾ ਜਹਾਨ ਵਿਚ ।
ਗ਼ਮ ਬੇਸ਼ੁਮਾਰ ਦੇ ਗਿਆ ਮੈਨੂੰ ਉਹ ਦਾਨ ਵਿਚ ।


ਆਈ ਹੈ ਸਿਰਫ਼ ਦਰਦ ਨੂੰ ਹੀ ਰਾਸ ਇਹ ਜਗ੍ਹਾ ,
ਰੁਕਿਆ ਨਾ ਹੋਰ ਕੋਈ ਵੀ ਦਿਲ ਦੇ ਮਕਾਨ ਵਿਚ ।

ਇਤਬਾਰ ਕਰਕੇ ਜਾਲ਼ ਵਿਚ ਫ਼ਸ ਜਾਇਉ ਨਾ ਕਿਤੇ,
ਹੱਦੋਂ ਹੀ ਵੱਧ ਮਿਠਾਸ ਹੈ ਉਸਦੀ ਜ਼ੁਬਾਨ ਵਿਚ ।

ਆਵੇ ਨਾ ਪੈਰਾਂ 'ਤੇ ਕਦੇ ਇਸਦਾ ਮਧੋਲਿਆ ,
ਮੰਦਾ ਕਹੀਂ ਨਾ ਕੁਝ ਵੀ ਤੂੰ ਵੇਲੇ ਦੀ ਸ਼ਾਨ ਵਿਚ ।

ਚਿਹਰੇ 'ਤੇ ਬਸ ਨਕ਼ਾਬ ਹੈ ਬਖਸ਼ੰਦ ਹੋਣ ਦਾ ,
ਮਾਫ਼ੀ ਦਾ ਸ਼ਬਦ ਪਰ ਨਹੀ ਤੇਰੇ ਵਿਧਾਨ ਵਿਚ ।

ਮੈਂ ਲਰਜ਼ਦੀ ਇਕ ਬੂੰਦ ਹਾਂ ਕੋਈ ਨਦੀ ਨਹੀਂ ,
ਸ਼ਿੱਦਤ ਤੂੰ ਅਪਣੀ ਪਿਆਸ ਦੀ ਰੱਖੀਂ ਧਿਆਨ ਵਿਚ ।

ghazal....

ਬਾਹਰ ਸੁੰਨਾਪਨ ਹੈ ਉਜੜੀ ਗੋਰ ਜਿਹਾ ।
ਮਨ ਦੇ ਅੰਦਰ ਰਹਿੰਦਾ ਹੈ ਪਰ ਸ਼ੋਰ ਜਿਹਾ ।

ਚਾਨਣ ਦਾ ਮੁੱਲ ਇਹਦੇ ਕਰਕੇ ਹੈ ਜੱਗ 'ਤੇ ,
ਦਿਸਦਾ ਹੈ ਇਹ ਨੇਰ੍ਹਾ ਜੋ ਮੁੰਹ -ਜ਼ੋਰ ਜਿਹਾ ।

ਮਾਣ ਕਰੀਂ ਨਾ ਟੁੱਟ ਜਾਣਾ ਹੈ ਇਸਨੇ ਵੀ ,
ਸਾਹਾਂ ਵਾਲਾ ਰਿਸ਼ਤਾ ਕੱਚੀ ਡੋਰ ਜਿਹਾ ।

ਸੱਚ ਕਹਿਣ ਤੋਂ ਅਕਸਰ ਰੋਕੀ ਜਾਂਦਾ ਹੈ ,
ਮਨ ਵਿਚ ਬੈਠਾ ਜੋ ਹਉਮੈ ਦਾ ਚੋਰ ਜਿਹਾ ।

ਧੜਕਣ ਬਣ ਕੇ ਸਾਹਾਂ ਵਿਚ ਤੂੰ ਵਸਦਾ ਸੀ ,
ਪਰ ਹੁਣ ਜਾਪੇਂ ਮੈਨੂੰ ਅਸਲੋਂ ਹੋਰ ਜਿਹਾ ।

ghazal...

ਦਿਲ ਬੜਾ ਲਾਚਾਰ ਹੈ ਤੇਰੇ ਬਿਨਾ ।
ਜ਼ਿੰਦਗੀ ਦੁਸ਼ਵਾਰ ਹੈ ਤੇਰੇ ਬਿਨਾ ।

ਨੇੜਤਾ ਤੇਰੀ ਰਹੀ ਨਾ ਦੋਸਤੀ ,
ਸੁੰਨਾ ਜਿਉਂ ਸੰਸਾਰ ਹੈ ਤੇਰੇ ਬਿਨਾ ।

ਛਾਨਣੀ ਦਿਲ ਹੋ ਗਿਆ ਦੁੱਖ ਜਰਦਿਆਂ,
ਕੋਈ ਨਾ ਗ਼ਮਖਾਰ ਹੈ ਤੇਰੇ ਬਿਨਾ ।

ਮੇਰੇ ਵਿਹੜੇ ਹੁਣ ਵੀ ਆਉਂਦੀ ਹੈ ਬਹਾਰ ,
ਮਹਿਕ ਵੀ ਪਰ ਭਾਰ ਹੈ ਤੇਰੇ ਬਿਨਾ ।


ਧੂੰਏਂ ਵਾਂਗੂੰ ਉੜ ਗਈ ਫੁੱਲਾਂ ਦੀ ਆਬ ,
ਸੜ ਰਹੀ ਗੁਲਜ਼ਾਰ ਹੈ ਤੇਰੇ ਬਿਨਾ ।

ਹਿਜਰ ਦੀ ਇਸ ਖੇਡ ਦੇ ਵਿਚ ਦੋਸਤਾ ,
ਹਾਰ ਹੀ ਬਸ ਹਾਰ ਹੈ ਤੇਰੇ ਬਿਨਾ ।

Sunday, July 15, 2012

ghazal...

ਟੁੱਟ ਗਏ ਨੇ ਸਾਰੇ, ਸਾਬਤ ਹੁਣ ਕੋਈ ਇਕ਼ਰਾਰ ਨਹੀ ਹੈ ।
ਬੇਵਿਸ਼ਵਾਸੇ ਮੌਸਮ ਅੰਦਰ ਖ਼ੁਦ 'ਤੇ ਵੀ ਇਤਬਾਰ ਨਹੀ ਹੈ ।

ਡਰ ਲਗਦਾ ਹੈ ਇਹਨਾਂ ਕੋਲੋਂ ਆਉਂਦੇ ਨੇ ਜੋ ਦਰਦ ਵੰਡਾਵਣ,
ਰੂਹ ਤਕ ਪੱਛ ਜਾਂਦੇ ਪਰ ਦਿਸਦੀ ਹੱਥਾਂ ਵਿਚ ਤਲਵਾਰ ਨਹੀ ਹੈ ।

ਇਹ ਜਿਹੜੀ ਵਿਚਕਾਰ ਖੜੀ ਹੈ ਬਸ ਹਉਮੈ ਹੈ ਤੇਰੀ ਮੇਰੀ ,
ਓਦਾਂ ਸਾਡੇ ਵਿੱਚ -ਵਿਚਾਲੇ ਕੋਈ ਵੀ ਦੀਵਾਰ ਨਹੀ ਹੈ ।

ਲਗਦਾ ਹੈ ਜਿਓਂ ਪਲਕਾਂ ਉੱਤੇ ਚੁੱਕੀ ਫਿਰਦੀ ਹਾਂ ਮੈਂ ਪਰਬਤ ,
ਆਖਣ ਨੂੰ ਤਾਂ ਅੱਥਰੂਆਂ ਦਾ ਹੁੰਦਾ ਕੋਈ ਭਾਰ ਨਹੀ ਹੈ ।

ਇਹ ਨਾ ਸੋਚੀਂ ਕੰਡਿਆਂ ਨਾਲ ਰਿਹਾ ਨਾ ਅੱਜ ਕਲ੍ਹ ਰਿਸ਼ਤਾ ਕੋਈ ,
ਦਾਮਨ ਮੇਰਾ ਦੇਖਣ ਨੂੰ ਜੇ ਲਗਦਾ ਤਾਰੋ -ਤਾਰ ਨਹੀ ਹੈ ।


ਮੇਰਾ ਕਿੰਨਾ ਮੁੱਲ ਪਾਉਣਾ ਹੈ ਨਿਰਭਰ ਹੈ ਸਭ ਤੇਰੇ ਉੱਤੇ ,
ਖੋਟੇ ਸਿੱਕੇ ਵਾਂਗੂੰ ਹਾਂ ਮੈਂ ਇਸ ਗੱਲ ਤੋਂ ਇਨਕਾਰ ਨਹੀ ਹੈ ।

Tuesday, July 10, 2012

ghazal...

ਮੇਰੇ ਹਿੱਸੇ ਦੀ ਚਾਹਤ, ਉਹ ਕੁਥਾਈਂ ਰੋੜ੍ਹ ਆਇਆ ਹੈ ।
ਕਿਸੇ ਨੂੰ ਕੀ ਪਤਾ ਕਿਸ ਨੇ ,ਕਿਸੇ ਦਾ, ਕੀ ਗਵਾਇਆ ਹੈ ।

ਜੋ ਰੱਖੀਆਂ ਦੂਰੀਆਂ ਮੈਥੋਂ , ਦਿਖਾਈ ਬੇਰੁਖੀ ਏਨੀ,
ਇਹ ਦਿੱਤੀ ਹੈ ਸਜ਼ਾ ਖ਼ੁਦ ਨੂੰ ਕਿ ਤੂੰ ਮੈਨੂੰ ਸਤਾਇਆ ਹੈ ।

ਕੋਈ ਰਿਸ਼ਤਾ ਨਹੀ ਸਾਲਮ ਤੇ ਜੀਵਨ ਹੈ ਸਜ਼ਾ ਵਰਗਾ ,
ਸਦਾ ਇਹ ਰਾਜ਼ ਪਰ ਅਪਣਾ ਮੈਂ ਦੁਨੀਆਂ ਤੋਂ ਛੁਪਾਇਆ ਹੈ ।

ਦਿਸੇ ਹਰ ਚੀਜ਼ ਇਕ- ਦਮ ਸਾਫ਼ , ਐਸਾ ਚਾਨਣਾ ਦੇਵੀਂ ,
ਹਨੇਰਾ ਸੁੰਨੇ ਰਾਹਾਂ ਦਾ ਬੜਾ ਪਿੰਡੇ ਹੰਡਾਇਆ ਹੈ ।

ਜੇ ਆਉਣਾ ਹੈ ਤਾਂ ਇਕ ਸੁਫ਼ਨਾ ਜਿਹਾ ਬਣ ਕੇ ਹੀ ਤੂੰ ਆਵੀਂ ,
ਜ਼ਮਾਨੇ ਨੇ ਹਕ਼ੀਕ਼ਤ ਵਿਚ ਬੜਾ ਮੈਨੂੰ ਰਵਾਇਆ ਹੈ ।

ਲੁਕੋ ਕੇ ਦਰਦ ਅਪਣਾ ਮੁਸਕੁਰਾਉਣਾ ਹੈ ਬੜਾ ਔਖਾ ,
ਮੇਰਾ ਪਰ ਹੌਸਲਾ ਦੇਖੋ ਮੈਂ ਇਹ ਵੀ ਕਰ ਦਿਖਾਇਆ ਹੈ।

ghazal...

ਯਾਦ ਤੇਰੀ ਦਾ ਖਿੱਦੋ ਅੱਜ ਉਧੇੜ ਲਿਆ ।
ਦੁੱਖ ਨਵਾਂ ਇਕ ਦਿਲ ਨੇ ਫੇਰ ਸਹੇੜ ਲਿਆ ।


ਦੋਸ਼  ਨਹੀਂ ਹੈ  ਤੇਰਾ,  ਹੋਰਾਂ  ਵਾਂਗੂੰ  ਜੇ
 ਦਿਲ ਆਪਣੇ ਦਾ ਦਰਵਾਜਾ ਤੂੰ ਭੇੜ ਲਿਆ ।


ਸੁਣਿਐਂ ਉਹ ਵੀ ਭਟਕ ਰਿਹੈ ਅੱਜ ਕਲ ,ਜਿਸਨੇ
ਰਸਤਾ ਆ  ਕੇ ਮੰਜਿਲ ਕੋਲ਼  ਨਿਖੇੜ ਲਿਆ ।


ਅੱਖ ਬਚਾ  ਕੇ ਕੋਲੋਂ ਦੀ  ਲੰਘ ਜਾਵੇ   ਉਹ ,
ਲੱਖ ਦੁਆਵਾਂ ਕਰ ਸੀ ਜਿਸਦਾ ਨੇੜ  ਲਿਆ ।


ਸੂਲੀ ਉੱਤੇ ਸਾਹ ਲਟਕਾ   ਕੇ ਸੁਣਿਆ ਹੈ ,
ਜਦ ਵੀ ਲੋਕਾਂ   ਤੇਰਾ ਕਿੱਸਾ ਛੇੜ  ਲਿਆ ।


ਕੋਈ ਦੁਸ਼ਮਣ ਆ ਕੇ ਹੀ  ਹੁਣ ਸਾਰ ਲਏ,
ਆਪਣਿਆਂ ਨੇ ਅਪਣਾ ਕੰਮ  ਨਿਬੇੜ ਲਿਆ ।

ghazal....

ਹੈ ਘਰਾਂ ਵਿਚਕਾਰ ਜੇਕਰ ਫ਼ਾਸਲਾ ਤੂੰ ਰਹਿਣ ਦੇ ।
ਥੋੜਾ ਜੇਹਾ ਪਰ ਦਿਲਾਂ ਦਾ ਰਾਬਤਾ ਤੂੰ ਰਹਿਣ ਦੇ ।


ਕਰ ਸਕਾਂ ਮੈਂ ਸੁਫਨਿਆਂ ਵਿਚ ਨਾਲ ਤੇਰੇ ਗੁਫ਼ਤਗੂ ,
ਨੀਂਦਰਾਂ ਦੇ ਨਾਲ  ਏਨਾ   ਵਾਸਤਾ ਤੂੰ ਰਹਿਣ ਦੇ ।


ਸੈਂਕੜੇ ਦੁੱਖਾਂ ਦੇ ਝੱਖੜ ਮੈਂ ਇੱਕਲੀ ਜਰ ਲਊਂ ,
ਯਾਦਾਂ ਦਾ ਬਸ ਨਾਲ ਮੇਰੇ ਕਾਫ਼ਲਾ ਤੂੰ ਰਹਿਣ ਦੇ ।


ਪੂੰਝ ਨਾ ਪਲਕਾਂ ਤੋਂ ਹੰਝੂ ਇਸ ਕਦਰ ਨਾ ਤਰਸ ਕਰ ,
ਦਿਲ ਤਾਂ ਐਵੇਂ ਢਾਰਸਾਂ ਹੈ   ਭਾਲਦਾ ਤੂੰ ਰਹਿਣ ਦੇ ।


ਦੋਸਤੀ ਤੇ   ਦੁਸ਼ਮਣੀ ਦੇ   ਸਿਲਸਲੇ ਸਭ ਤੋੜ ਲੈ,
ਜੀਣ ਦਾ ਸਾਮਾਨ ਪਰ ਕੁਝ ਸਾਬਤਾ ਤੂੰ ਰਹਿਣ ਦੇ ।


ਬਿਖ਼ਰ ਜਾਵੇ ਹੋ ਕੇ ਖੰਡਰ ਫਿਰ ਕਿਤੇ ਮੇਰਾ ਵਜੂਦ ,
ਇਸ ਤਰਾਂ ਬਣ ਕੇ ਨਾ ਆਵੀਂ ਹਾਦਸਾ ਤੂੰ ਰਹਿਣ ਦੇ ।


ਜੇ ਸਜ਼ਾ ਦੇਣੀ ਹੈ ਮੈਨੂੰ ਹੋਰ ਲੱਭ ਰਸਤਾ ਕੋਈ ,
ਇੰਝ ਦਿਖਾ ਕੇ ਬੇਰੁਖ਼ੀ ਨਾ ਆਜ਼ਮਾ ਤੂੰ ਰਹਿਣ ਦੇ ।

Friday, May 11, 2012

ghazal....

ਮਨ ਵਿਚ ਸੋਚਾਂ, ਪੈਰੀਂ ਭਟਕਣ, ਓਹੀ ਨੇ ਹਾਲਾਤ ਅਜੇ ਤੱਕ ।
ਸਾਹ ਮੁੱਕ ਚੱਲੇ, ਪਰ ਮੁੱਕੀ ਨਾ ਗ਼ਮ ਦੀ ਕਾਲੀ ਰਾਤ ਅਜੇ ਤੱਕ ।

ਕਿੰਨੀ ਵਾਰੀ ਕੋਸ਼ਿਸ਼ ਕੀਤੀ , ਪਰ ਮੇਰੇ ਤੋਂ ਛੱਡ ਨਾ ਹੋਈ ,
ਸੀਨੇ ਨਾਲ ਲਗਾਈ ਹੈ ਜੋ ਪੀੜਾਂ ਦੀ ਸੌਗਾਤ ਅਜੇ ਤੱਕ ।

ਯਾਦ ਤੇਰੀ ਦਾ ਚਾਨਣ ਹੀ ਬਸ ਦਰਦ ਦੀਆਂ ਵਿਰਲਾਂ 'ਚੋਂ ਝਾਕੇ ,
ਓਦਾਂ ਮੇਰੇ ਵਿਹੜੇ ਆਉਣੋ ਡਰਦੀ ਹੈ ਪਰਭਾਤ ਅਜੇ ਤੱਕ ।

ਸਮਝ ਨਹੀਂ ਆਉਂਦੀ ਹੁਣ ਇਸ ਮੌਸਮ ਨੂੰ ਕਿਹੜਾ ਨਾਮ ਦਿਆਂ ਮੈਂ ,
ਦਿਲ ਦੀ ਧਰਤੀ ਸੁੱਕੀ ਹੈ ਪਰ ਨੈਣਾ ਵਿਚ ਬਰਸਾਤ ਅਜੇ ਤੱਕ ।

ਸੀਨਾ - ਜ਼ੋਰੀ, ਠੱਗੀ - ਠੋਰੀ, ਡਾਕਾ - ਚੋਰੀ, ਰਿਸ਼ਵਤਖੋਰੀ,
ਕਿਹੜੇ ਰਸਤੇ ਉੱਤੇ ਦੱਸ ਤੁਰੀ ਨਾ ਆਦਮ ਜ਼ਾਤ ਅਜੇ ਤੱਕ ।

Wednesday, April 25, 2012

ghazal...

ਚੱਲ ਦਿਲਾ ਕੁਝ ਵਿੱਸਰੀਆਂ ਯਾਦਾਂ ਨੂੰ ਕੋਲ ਬੁਲਾਈਏ ।
ਇਕਲਾਪੇ ਦੇ ਜੰਗਲ ਅੰਦਰ ਮਹਿਫ਼ਿਲ ਕੋਈ ਸਜਾਈਏ ।

ਮੇਰੇ ਇਸ ਵੀਰਾਨ ਸ਼ਹਿਰ ਵਿਚ ਤਨਹਾਈਆਂ ਦਾ ਪਹਿਰਾ,
ਜ਼ਖ਼ਮੀ ਦਿਲ ਦਾ ਹਾਲ ਅਵੱਲਾ ਕਿਸ ਨੂੰ ਬੈਠ ਸੁਣਾਈਏ ।

ਏਸ ਉਦਾਸੇ ਮੌਸਮ ਅੰਦਰ ਜੀਣਾ ਮੁਸ਼ਕਿਲ ਹੈ, ਪਰ
ਦੰਦਾਂ ਹੇਠਾਂ ਜੀਭ ਦਬਾ ਕੇ ਵਕ਼ਤ ਗੁਜ਼ਾਰੀ ਜਾਈਏ ।

ਲੜਦੇ ਲੜਦੇ ਪੀੜਾਂ ਨਾਲ ਗਵਾਚੀ ਰੂਹ ਦੀ ਸਰਗਮ ,
ਸਮਝ ਨਾ ਆਵੇ ਦਿਲ ਦੀ ਵੇਦਨ ਕਿਹੜੀ ਸੁਰ ਵਿਚ ਗਾਈਏ ।

ਸੂਰਜ ਬਣ ਕੇ ਨੇਰ੍ਹੇ ਨਾਲ ਗਿਆ ਨਾ ਸਾਥੋਂ ਲੜਿਆ ,
ਜੁਗਨੂੰ ਵਾਂਗਰ ਜੂਝਣ ਦਾ ਪਰ ਜੇਰਾ ਪਾਲੀ ਜਾਈਏ ।

ਜੋਗੀ ਵਾਲੀ ਫੇਰੀ ਜਗ 'ਤੇ ਅਲਖ ਜਗਾ ਤੁਰ ਜਾਣਾ ,
ਐਵੇਂ ਤੇਰੀ- ਮੇਰੀ ਦੇ ਵਿਚ ਹਉਮੈ ਨੂੰ ਭਰਮਾਈਏ ।

ghazal....

ਆਪਣਿਆਂ ਦੀ ਦੁਨੀਆਂ ਦੇ ਵਿਚ ਹੋ ਗਏ ਕੱਲ -ਮੁ-ਕੱਲੇ ਹੁਣ ।
ਯਾਦਾਂ  ਦੇ  ਸਰਮਾਏ  ਬਾਝੋਂ  ਹੋਰ  ਨਹੀਂ ਕੁਝ   ਪੱਲੇ  ਹੁਣ ।

ਗਹਿਰ ਜਿਹੀ ਹੈ ਦਿਸਹੱਦੇ ਤੱਕ ਧੁੰਦਲਾ ਜਾਪੇ ਚੌਗਿਰਦਾ ,
ਹੰਝੂਆਂ ਦੀ ਬਾਰਿਸ਼ ਮਗਰੋਂ ਵੀ ਧੂੜ ਨਾ ਬੈਠੇ ਥੱਲੇ ਹੁਣ ।

ਜੁਗਨੂੰ ,ਚੰਨ ,ਸਿਤਾਰੇ ਰੁੱਸੇ ਸਾਥ  ਨਾ ਦਿੰਦਾ ਕੋਈ ਵੀ ,
ਮੰਜ਼ਿਲ ਦੇ ਵੱਲ ਜਾਂਦੇ ਸਾਰੇ ਰਾਹ   ਨ੍ਹੇਰੇ ਨੇ ਮੱਲੇ ਹੁਣ ।

ਘੁਲ਼ ਕੇ ਸਾਰੇ ਦਰਦ ਪੁਰਾਣੇ   ਅੱਥਰੂਆਂ  ਦੀ ਜੂਨ  ਪਏ,
ਜਦ ਨੈਣਾਂ ਵਿਚ ਆਉਂਦੇ ਨੇ ਤਾਂ ਫਿਰ ਨਾ ਜਾਂਦੇ ਠੱਲ੍ਹੇ ਹੁਣ ।

ਇਕ ਬੇਵੱਸ ਤੇ ਤਲਖ਼ ਸਮੁੰਦਰ ਰੂਹ ਦੇ ਅੰਦਰ ਤੜਪ ਰਿਹਾ,
ਗ਼ਮ, ਪੀੜਾਂ ਤੇ ਤਨਹਾਈਆਂ ਨੇ ਸਾਰੇ ਪੱਤਣ   ਮੱਲੇ ਹੁਣ ।

ਧੁਰ ਅੰਦਰ ਤੱਕ ਦਿਲ ਸੜਦਾ ਹੈ ਉਸਦੇ ਤਪਦੇ ਬੋਲਾਂ ਨਾਲ ,
ਉਸਨੂੰ ਕਹਿਣਾ ਕਣੀਆਂ ਵਰਗੇ  ਇਕ ਦੋ ਅੱਖ਼ਰ ਘੱਲੇ ਹੁਣ ।

ਸਾਹ ਰ਼ਗ  ਤੋਂ ਵੀ  ਨੇੜੇ ਹੈਂ ਤੂੰ ਏਦਾਂ ਵੀ ਨਾ   ਮੂੰਹ ਮੋੜੀਂ ,
ਇਕ ਪਲ ਦਾ ਵੀ ਰੋਸਾ ਤੇਰਾ ਜਿੰਦ ਮੇਰੀ ਨਾ ਝੱਲੇ ਹੁਣ ।

ghazal....

ਜੀਣ ਦੀ ਚਾਹਤ 'ਚ ਅਕਸਰ ਘਾੜਤਾਂ ਘੜਦੇ ਰਹੇ ।
ਨੇਰ੍ਹਿਆਂ ਸੰਗ ਲੜਨ ਨੂੰ ਜੁਗਨੂੰ ਅਸੀਂ ਫੜਦੇ ਰਹੇ ।


ਖੇਡ ਸੀ ਤਕਦੀਰ ਦੀ ਇਹ ਜਾਂ ਤਕਾਜ਼ਾ ਵਕ਼ਤ ਦਾ,
ਧੁੱਪਾਂ ਵਿਚ ਠਰਦੇ ਰਹੇ ਤੇ ਛਾਵਾਂ ਵਿਚ ਸੜਦੇ ਰਹੇ ।


ਪਰਖ਼ ਨਾ ਹੋਇਆ ਜਿਨ੍ਹਾਂ ਤੋਂ ਕੱਚ-ਸੱਚ ਵਿਸ਼ਵਾਸ ਦਾ ,
ਉਹ ਆਸਾਡੀ ਆਸਥਾ ਛੱਜਾਂ 'ਚ ਪਾ ਛੜਦੇ ਰਹੇ ।


ਘੜ ਲਏ ਲੋਕਾਂ ਨੇ ਪਹਿਲਾਂ ਰੱਬ ਆਪੋ -ਆਪਣੇਂ ,
ਫਿਰ ਖ਼ੁਦਾਈ ਵਾਸਤੇ ਆਪਸ ਦੇ ਵਿਚ ਲੜਦੇ ਰਹੇ ।


ਭੇਜਣਾ ਹੀ ਤੂੰ ਜੇ ਹੈ ਤਾਂ ਭੇਜ ਹੁਣ ਲਸ਼ਕਰ ਕੋਈ ,
ਸਿਦਕ਼ ਅੱਗੇ ਇੱਕਾ-ਦੁੱਕਾ ਗ਼ਮ ਕਦੋਂ ਖੜਦੇ ਰਹੇ ।


ਹੋਰ ਕੀ ਅਨਹੋਣੀਆਂ ਦੀ ਦੋਸਤਾ ਚਰਚਾ ਕਰਾਂ ,
ਨੀਂਦਰਾਂ 'ਚੋਂ ਸੁਫ਼ਨਿਆਂ ਦੇ ਅਕਸ ਵੀ ਝੜਦੇ ਰਹੇ |

Wednesday, March 28, 2012

ghazal...

ਕਰਨਾ ਏਂ ਤਾਂ ਏਨਾ ਤੂ ਉਪਕਾਰ ਕਰੀਂ ।

ਦੋਸਤ ਬਣ ਕੇ ਦਿਲ ਉੱਤੇ ਨਾ ਵਾਰ ਕਰੀਂ ।

ਡਰ ਜਾਵੇ ਜੋ ਸੁਣ ਕੇ ਜ਼ਿਕਰ ਹਵਾਵਾਂ ਦਾ ,

ਵੇਖੀਂ ਦਿਲ ਨੂੰ ਏਨਾ ਨਾ ਬੀਮਾਰ ਕਰੀਂ ।

ਹੋਵੇ ਨਾ ਪਛਤਾਵਾ ਅਪਣੇ ਅਮਲਾਂ 'ਤੇ ,

ਏਨੀ ਕਿਰਪਾ ਜੱਗ ਦੇ ਪਾਲਨਹਾਰ ਕਰੀਂ ।

ਲੁੱਟ ਲੈਂਦੇ ਨੇ ਇਹ ਅਕਸਰ, ਤੂੰ ਐਵੇਂ ਨਾ

ਮਿੱਠੇ ਬੋਲਾਂ ਤੇ ਬਹੁਤਾ ਇਤਬਾਰ ਕਰੀਂ ।

ਮੱਥੇ ਦੇ ਵਿਚ ਰੌਸ਼ਨ ਕਰ ਸੂਰਜ ਕੋਈ,

ਨ੍ਹੇਰੇ ਦੇ ਵਿਚ ਰੂਹ ਨੂੰ ਨਾ ਬੇ-ਜ਼ਾਰ ਕਰੀਂ ।

ਫੱਟ ਹਮੇਸ਼ਾ ਇਹਨਾਂ ਦਾ ਨਾਸੂਰ ਬਣੇ ,

ਬਹੁਤੀ ਤਿੱਖੀ ਨਾ ਸ਼ਬਦਾਂ ਦੀ ਧਾਰ ਕਰੀਂ ।

ਮਰ ਨਾ ਜਾਵੇ ਖਾਹਿਸ਼ ਤੇਰੀ ਉੱਡਣ ਦੀ ,

ਏਨਾ ਵੀ ਨਾ ਪਿੰਜਰੇ ਨਾਲ ਪਿਆਰ ਕਰੀਂ ।

ghazal...

ਫੇਰ ਤੇਰੀ ਯਾਦ ਨੂੰ ਅੱਜ ਸੀਨੇ ਲਾ ਕੇ ਵੇਖਿਆ ।

ਦਿਲ 'ਚ ਸੁੱਤੇ ਦਰਦ ਨੂੰ ਅੱਜ ਫਿਰ ਜਗਾ ਕੇ ਵੇਖਿਆ ।

ਉੱਠ ਗਿਆ ਇਤਬਾਰ ਹਰ ਇਕਰਾਰ ਵਾਲੇ ਲਫ਼ਜ਼ ਤੋਂ ,

ਵਾਅਦਿਆਂ ਨੇ ਇਸ ਤਰ੍ਹਾਂ ਕੁਝ ਆਜ਼ਮਾ ਕੇ ਵੇਖਿਆ ।

ਕੱਲ੍ਹ ਦੇ ਤੇ ਭਲਕ ਦੇ ਵਿਚਕਾਰ ਜਿੰਦ ਪਿਸਦੀ ਰਹੀ ,

ਅੱਜ ਦਾ ਵੀ ਹਰ ਸਿਤਮ ਪਿੰਡੇ ਹੰਢਾ ਕੇ ਵੇਖਿਆ ।

ਇਹ ਮੇਰੇ ਸ਼ਿਅਰਾਂ 'ਚ ਸ਼ਾਮਿਲ ਹੋ ਗਿਆ ਚੁਪ-ਚਾਪ ਹੀ,

ਦਰਦ ਨੂੰ ਸ਼ਬਦਾਂ ਤੋਂ ਮੈਂ ਜਦ ਵੀ ਲੁਕਾ ਕੇ ਵੇਖਿਆ ।

ਸਦਮਿਆਂ ਦੀ ਗਹਿਰ ਅੰਦਰ ਦੱਬਿਆ ਘੁਟਿਆ ਰਿਹਾ ,

ਮਨ ਦਾ ਪੰਛੀ ਜਦ ਕਦੀ ਅਰਸ਼ੀਂ ਉੜਾ ਕੇ ਵੇਖਿਆ ।

ਦੋ ਕਦਮ ਹੀ ਨਾਲ ਤੁਰਿਆ ਫੇਰ ਛੱਡ ਕੇ ਤੁਰ ਗਿਆ ,

ਹਮਸਫ਼ਰ ਜਦ ਵੀ ਕੋਈ ਅਪਣਾ ਬਣਾ ਕੇ ਵੇਖਿਆ ।

ghazal..

ਸ਼ਾਜਿਸ਼ਾਂ ਅਕਸਰ ਹਨੇਰਾ ਐਸੀਆਂ ਕਰਦਾ ਰਿਹਾ |

ਚਾਨਣੀ ਕੋਲੋਂ ਵੀ ਮੇਰਾ ਦਿਲ ਸਦਾ ਡਰਦਾ ਰਿਹਾ |

ਚੰਨ ਦੀ ਥਾਂ ਜੁਗਨੁੰਆਂ ਦੇ ਨਾਲ ਕਾਲੀ ਰਾਤ ਵਿਚ ,

ਕੀ ਪਤਾ ਤੈਨੂੰ ਕਿ ਮੇਰਾ ਕਿਸ ਤਰ੍ਹਾਂ ਸਰਦਾ ਰਿਹਾ |

ਸੋਚਿਆ ਸੀ ਤੁਰ ਪਵਾਂ ਪੈਰਾਂ 'ਚ ਭਟਕਣ ਬੰਨ੍ਹ ਕੇ ,

ਮੇਰਿਆਂ ਪੈਰਾਂ 'ਚ ਬੰਧਨ ਪਰ ਸਦਾ ਘਰ ਦਾ ਰਿਹਾ |

ਗੱਲ ਨਾ ਦਿਲ ਦੀ ਸੁਣੀਂ ਬਹਿ ਕੇ ਕਦੇ ਵੀ ਸਾਹਮਣੇ ,

ਉਹ ਮੇਰੇ ਜ਼ਜਬਾਤ ਦੀ ਬਸ ਪੈਰਵੀ ਕਰਦਾ ਰਿਹਾ |

ਭਰਮ ਕਿਧਰੇ ਟੁੱਟ ਨਾ ਜਾਵੇ ਮੇਰਾ, ਇਹ ਸੋਚ ਕੇ ,

ਜ਼ਹਿਨ ਅਪਣੀ ਸੋਚ ਤੇਰੇ ਹਾਣ ਦੀ ਕਰਦਾ ਰਿਹਾ|

ਫੁੱਲਾਂ ਵਰਗੇ ਰਿਸ਼ਤਿਆਂ ਦੀ ਲਾਸ਼ ਉਹ ਢੋਂਦਾ ਸੀ ,ਜੋ ,

ਮਹਿਕਾਂ ਵਰਗੇ ਰਿਸ਼ਤਿਆਂ ਦੇ ਨਾਮ ਸੀ ਧਰਦਾ ਰਿਹਾ |

ghazal....

ਸੋਚ ਦੀਆਂ ਅੱਖਾਂ 'ਤੋਂ ਡਰ ਦੀ ਐਨਕ ਅੱਜ ਉਤਾਰ ਕੇ ਦੇਖ ।

ਅੰਬਰ ਏਨਾ ਦੂਰ ਨਹੀਂ ਤੂੰ ਆਪਣੇ ਖੰਭ ਸੰਵਾਰ ਕੇ ਦੇਖ ।

ਬੀਤੇ ਵੇਲੇ ਨਾਲ ਸਦਾ ਹੀ ਕਿਉਂ ਕਰਦਾ ਤਕਰਾਰ ਰਹੇਂ ,

ਇਕ ਛਿਣ ਅਪਣੇ ਅੱਜ ਨੂੰ ਵੀ ਤੂੰ ਅਪਣੇ ਕੋਲ ਖਲ੍ਹਾਰ ਕੇ ਦੇਖ ।

ਡੁੱਬ ਨਾ ਜਾਵੇ ਅੱਥਰੂਆਂ ਵਿਚ ਤਾਰੂ ਇਹ ਦਰਿਆਵਾਂ ਦਾ ,

ਦਿਲ ਖ਼ਾਤਰ ਵੀ ਇਕ-ਅੱਧ ਸੁਫ਼ਨਾ ਨੈਣਾਂ ਵਿਚ ਸ਼ਿੰਗਾਰ ਕੇ ਦੇਖ ।

ਅਕਸਰ ਹੀ ਬੌਣੇ ਹੁੰਦੇ ਨੇ ਉੱਚੇ ਸ਼ਮਲੇ ਵਾਲੇ ਲੋਕ ,

ਅਪਣੇ ਅਨੁਭਵ ਨਾਲ ਕਦੇ ਤੂੰ ਇਹ ਵੀ ਸੱਚ ਨਿਤਾਰ ਕੇ ਦੇਖ ।

ਦੁਨੀਆਂ ਨੂੰ ਜਿੱਤਣ ਦੀ ਹਸਰਤ ਕਰਦੀ ਬੇਆਰਾਮ ਬੜਾ ,

ਰੂਹ ਦੇ ਚੈਨ-ਸਕੂਨ ਲਈ ਤੂੰ ਅਪਣਾ ਆਪਾ ਹਾਰ ਕੇ ਦੇਖ ।

ਉਸਦੇ ਦਿਲ 'ਚੋਂ ਹਿਜਰਤ ਕਰ ਕੇ ਜਿੱਦਾਂ ਯਾਦ ਗਈ ਤੇਰੀ ,

ਤੂੰ ਵੀ ਅਪਣੇ ਦਿਲ 'ਚੋਂ ਇਕ ਪਲ ਉਸਦੀ ਯਾਦ ਵਿਸਾਰ ਕੇ ਦੇਖ ।

ghazal...

ਮਨ ਦੇ ਵਿੱਚ ਹਮੇਸ਼ਾ ਇੱਕ ਮਲਾਲ ਰਿਹਾ|

ਮੇਰਾ ਹੋ ਕੇ ਤੂੰ ਨਾ ਮੇਰੇ ਨਾਲ ਰਿਹਾ ।

ਹਰ ਬੰਦੇ ਵਿਚ ਦੋਸ਼ ਦਿਖਾਈ ਦਿੰਦੇ ਨੇ ,

ਅਪਣੀ ਅੱਖ ਵਿਚ ਤੱਕਣਾ ਬਹੁਤ ਮੁਹਾਲ ਰਿਹਾ ।

ਖ਼ੁਸ਼ੀਆਂ ਨੇਂ ਤਾਂ ਸਾਰੇ ਨਾਤੇ ਤੋੜ ਲਏ ,

ਗ਼ਮ ਮੇਰੇ 'ਤੇ ਸਾਰੀ ਉਮਰ ਦਿਆਲ ਰਿਹਾ ।

ਇਹ ਰਿਸ਼ਤਾ ਵੀ ਖੌਰੇ ਕੈਸਾ ਰਿਸ਼ਤਾ ਹੈ ,

ਦੂਰ ਰਿਹਾ ਉਹ ਫਿਰ ਵੀ ਮੇਰੇ ਨਾਲ ਰਿਹਾ ।

ਔਖੇ-ਸੌਖੇ ਕੱਟ ਲਈ ਹੈ ਜੂਨ ਜਿਹੀ ,

ਇਹ ਨਾ ਪੁੱਛੀਂ ਬਿਨ ਤੇਰੇ ਕੀ ਹਾਲ ਰਿਹਾ ।

ਯਾਦਾਂ ਦਾ ਅੰਬਾਰ ਪਿਆ ਜੋ ਮਨ ਅੰਦਰ,

ਤਨਹਾਈ ਵਿਚ ਬਣਿਆਂ ਮੇਰੀ ਢਾਲ ਰਿਹਾ ।

ਸੂਖ਼ਮ ਗੀਤ ਜਿਹਾ ਸੀ ਜੀਵਨ ਤੇਰੇ ਨਾਲ,

ਤੇਰੇ ਪਿੱਛੋਂ ਇਸ ਵਿਚ ਸੁਰ ਨਾ ਤਾਲ ਰਿਹਾ ।

ਮਨ ਦਾ ਪੰਛੀ ਬਿਹਬਲ ਸੀ ਪਰਵਾਜ਼ ਲਈ ,

ਪੈਰਾਂ ਦੇ ਵਿਚ ਫ਼ਰਜ਼ਾਂ ਦਾ ਪਰ ਜਾਲ ਰਿਹਾ ।

Thursday, February 9, 2012

ghazal...

ਦੁੱਖਾਂ ਦਾ ਸਾਮਾਨ ਬੜਾ ਹੈ |

ਦਿਲ ਤਾਂਹੀ ਪਰੇਸ਼ਾਨ ਬੜਾ ਹੈ |

ਕਿੰਨਾ ਮੁਸ਼ਕਿਲ ਹੋਇਆ ਜੀਣਾ,

ਲਗਦਾ ਸੀ ਆਸਾਨ ਬੜਾ ਹੈ |

ਲੈ ਤੁਰਿਆ ਦਿਲ ਓਧਰ ਕਿਸ਼ਤੀ ,

ਜਿਸ ਪਾਸੇ ਤੂਫ਼ਾਨ ਬੜਾ ਹੈ |

ਮੈਂ ਤੇਰਾ ਸੁਫ਼ਨਾ ਬਣ ਜਾਵਾਂ ,

ਸੀਨੇ ਵਿਚ ਅਰਮਾਨ ਬੜਾ ਹੈ |

ਦਿਸਹੱਦੇ ਤੱਕ ਘੁੱਪ ਹਨੇਰਾ ,

ਰਸਤਾ ਵੀ ਵੀਰਾਨ ਬੜਾ ਹੈ |

ਚੰਨ ਤੇ ਕਬਜਾ ਕਰਨਾ ਚਾਹੇ ,

ਇਹ ਮਨ ਬੇਈਮਾਨ ਬੜਾ ਹੈ |

ਭਰਮ ਦੀ ਉਂਗਲ ਪਕੜੀ ਰੱਖੇ,

ਦਿਲ ਮੇਰਾ ਨਾਦਾਨ ਬੜਾ ਹੈ |

ਪੈਰੀਂ ਫ਼ਰਜ਼ਾਂ ਦੀ ਬੇੜੀ ,ਉਂਝ

ਉੱਡਣ ਲਈ ਅਸਮਾਨ ਬੜਾ ਹੈ |

ਮੇਰੀ ਅੱਖ ਜੇ ਨਮ ਹੈ ਇਸ ਵਿਚ ,

ਤੇਰਾ ਵੀ ਅਹਿਸਾਨ ਬੜਾ ਹੈ |

ghazal...

ਗ਼ਮ ਦੇ ਮਾਰੇ ਮੁਖੜੇ 'ਤੇ ਮੁਸਕਾਨ ਸਜਾਈ ਫਿਰਦੇ ਹਾਂ |

ਦਿਲ ਦੇ ਵਿਚ ਅਰਮਾਨਾਂ ਦਾ ਸ਼ਮਸ਼ਾਨ ਛੁਪਾਈ ਫਿਰਦੇ ਹਾਂ |

ਜ਼ਖ਼ਮ ਨਜ਼ਰ ਆਵੇ ਜੇਕਰ ਤਾਂ ਉਸਦਾ ਕੋਈ ਇਲਾਜ ਕਰੇ,

ਇਸਦਾ ਕੋਈ ਇਲਾਜ ਨਹੀਂ ਜੋ ਰੋਗ ਲਗਾਈ ਫਿਰਦੇ ਹਾਂ |

ਅੱਧੀ-ਅੱਧੀ ਰਾਤੀ ਉਠ ਕੇ ਚਾਨਣੀਆਂ ਤੋਂ ਪੁੱਛੇ ਰਾਹ,

ਇਕ ਪਰਛਾਵੇਂ ਪਿੱਛੇ ਐਵੇਂ ਵਾਂਗ ਸ਼ੁਦਾਈ ਫਿਰਦੇ ਹਾਂ |

ਪੀੜ ਕਿਤੇ ਇਹ ਟੁੱਟੇ ਜੇਕਰ ਸੁੱਚੇ ਮੋਤੀ ਕਰੀਏ ਦਾਨ ,

ਸਹਿ ਨਾ ਹੋਵੇ ਇਹ ਦੁਖੜਾ ਜੋ ਦਿਲ ਨੂੰ ਲਾਈ ਫਿਰਦੇ ਹਾਂ |

ਉਮਰਾ ਦਾ ਸੂਰਜ ਡੁੱਬਣ ਤਕ ਪੂਜਾ ਇਸਦੀ ਕਰਨੀ ਹੈ ,

ਸੱਜਣਾ ਤੇਰੇ ਬਿਰਹਾ ਨੂੰ ਭਗਵਾਨ ਬਣਾਈ ਫਿਰਦੇ ਹਾਂ |

ਕਾਲ਼ੀ-ਬੋਲ਼ੀ ਰਾਤ ਲਿਖੀ ਹੈ ਭਾਵੇਂ ਲੇਖਾਂ ਅੰਦਰ ਤਾਂ ,

ਦਗ-ਦਗ ਕਰਦਾ ਸੂਰਜ ਐਪਰ ਤਲੀ ਟਿਕਾਈ ਫਿਰਦੇ ਹਾਂ |

ਇਸ਼ਕ਼ ਮੇਰੇ ਦੀ ਪਤਝੜ ਅੱਗੇ ਹਾਰ ਨਾ ਜਾਵੇ ਸਿਦਕ਼ ਮੇਰਾ ,

ਸੁਹਲ ਜਿਹੀ ਇਕ ਆਸ ਦੀ ਤਿਤਲੀ ਉਂਗਲ ਲਾਈ ਫਿਰਦੇ ਹਾਂ |

Wednesday, February 1, 2012

ghazal...

ਹਰ ਕਦਮ 'ਤੇ ਹੀ ਸਤਾਇਆ ਹੈ ਬੜਾ |

ਜ਼ਿੰਦਗੀ ਨੇ ਆਜ਼ਮਾਇਆ ਹੈ ਬੜਾ ।

ਬਿਨ ਤੇਰੇ ਬਨਵਾਸ ਹੀ ਕੱਟ ਹੋ ਰਿਹੈ ,

ਜਾਪਦਾ ਘਰ ਵੀ ਪਰਾਇਆ ਹੈ ਬੜਾ |

ਮਿਟ ਨਾ ਸਕਿਆ ਮੇਰੇ ਦਿਲ ਤੋਂ ਫੇਰ ਵੀ ,

ਤੇਰੇ ਚਿਹਰੇ ਨੂੰ ਮਿਟਾਇਆ ਹੈ ਬੜਾ ।

ਬਖ਼ਸ਼ ਦੇਵੇਗਾ ਮੇਰੇ ਸਾਰੇ ਗੁਨਾਹ ,

ਰਹਿਮਦਿਲ ਉਹ ਤਾਂ ਖ਼ੁਦਾਇਆ ਹੈ ਬੜਾ |

ਸੰਭਲ ਕੇ ਆਵੀਂ ਜ਼ਰਾ ਐ ਚਾਨਣੀ ,

ਨੇਰ੍ਹਿਆਂ ਨੇ ਨੇਰ੍ਹ ਪਾਇਆ ਹੈ ਬੜਾ |

ਝੁਲਸਿਆ ਚਿਹਰਾ ਦਿਸੇ ਜ਼ਜਬਾਤ ਦਾ ,

ਦਿਲ ਮੇਰਾ ਗ਼ਮ ਨੇ ਧੁਖ਼ਾਇਆ ਹੈ ਬੜਾ |

ਰੋਸਿਆਂ ਦੀ ਤਾਬ ਨਾ ਮੱਠੀ ਹੋਈ ,

ਹੱਥ ਬੰਨ੍ਹ ਤੈਨੂੰ ਮਨਾਇਆ ਹੈ ਬੜਾ |

Monday, January 9, 2012

ghazal...

ਚਾਨਣ ਦੇ ਪਰਛਾਵੇਂ ਤੋਂ ਵੀ ਡਰਦਾ ਹੈ |

ਓਦਾਂ ਤਾਂ ਦਿਲ ਸੂਰਜ ਦੀ ਚਾਹ ਕਰਦਾ ਹੈ |

ਦੋਸ਼ ਪਰਾਇਆਂ ਸਿਰ ਐਵੇਂ ਹੀ ਧਰਦੇ ਨੇ ,

ਬੰਦਾ ਅਕਸਰ ਆਪਣਿਆਂ ਤੋਂ ਹਰਦਾ ਹੈ |

ਧੁੰਦਲਾ ਜਾਪੇ ਮੈਨੂੰ ਅਪਣਾ ਸੂਰਜ ਵੀ ,

ਤੇਰੇ ਨੇਰ੍ਹੇ ਵਿੱਚੋਂ ਚਾਨਣ ਝਰਦਾ ਹੈ |

ਨਿਭਣਾ ਏਂ ਤਾਂ ਨਿਭ ਸਾਰੇ ਦਾ ਸਾਰਾ ਤੂੰ ,

ਝੂਠੇ ਲਾਰੇ ਨਾਲ ਨਹੀਂ ਹੁਣ ਸਰਦਾ ਹੈ'|

ਕਬਰਾਂ ਵਰਗੀ ਖਾਮੋਸ਼ੀ ਹੈ ਮਨ ਅੰਦਰ ,

ਚਿਹਰੇ ਉੱਤੇ ਰੌਣਕ ਦਾ ਬਸ ਪਰਦਾ ਹੈ |

ਖੌਰੇ ਅੰਦਰ ਕਿੰਨੀਆਂ ਪਰਤਾਂ ਫੋਲ ਗਿਆ ,

ਨੈਣਾਂ ਵਿਚ ਜੋ ਖਾਰਾ ਅਥਰੂ ਤਰਦਾ ਹੈ |