Thursday, August 1, 2013

ghazal...

ਭਰਨਗੇ ਛਾਲੇ ਤੇ ਫ਼ਿਸਦੇ ਰਹਿਣਗੇ ।
ਜ਼ਖ਼ਮ ਦਿਲ ਦੇ ਇੰਝ ਰਿਸਦੇ ਰਹਿਣਗੇ ।

ਕਰਨਗੇ ਚੁਗਲੀ ਮੇਰੇ ਹਾਲਾਤ ਦੀ ,
ਅਸ਼ਕ ਜੁ ਨੈਣਾ 'ਚ ਦਿਸਦੇ ਰਹਿਣਗੇ ।

ਸੇਜ਼ ਕਿਰਚਾਂ ਦੀ ਬਣੁ ਉਹ  ਜ਼ਿੰਦਗੀ ,
ਦਰਦ ਛਿਪ ਕੇ ਦਿਲ 'ਚ ਜਿਸ ਦੇ ਰਹਿਣਗੇ ।

ਸੱਚ ਜਾਣੀ ਹਮਸਫ਼ਰ, ਹਮਰਾਜ਼ ਤੂੰ ,
ਬਿਨ ਤੇਰੇ ਜ਼ਜਬਾਤ ਹਿਸਦੇ ਰਹਿਣਗੇ ।

ਸਫ਼ਰ ਮੇਰੇ ਦੀ ਨਹੀ ਮੰਜ਼ਿਲ ਕੋਈ ,
ਰਸਤਿਆਂ ਵਿਚ ਪੈਰ ਘਿਸਦੇ ਰਹਿਣਗੇ ।

ਕਰ ਲਏ ਸੌਦੇ ਜਿਨ੍ਹਾਂ ਤਕ਼ਦੀਰ ਨਾਲ ,
ਵਕ਼ਤ  ਦੀ ਚੱਕੀ 'ਚ ਪਿਸਦੇ ਰਹਿਣਗੇ ।

ghazal...

ਦੁਨੀਆਂ ਕੋਲੋਂ ਰੱਖ ਛੁਪਾ ਕੇ ਪੀੜਾਂ ਨੂੰ ।
ਦਿਲ ਦੇ ਅੰਦਰ ਰੱਖ ਸਜਾ ਕੇ ਪੀੜਾਂ ਨੂੰ ।

ਰਾਤ ਪਈ ਜਦ ਸਾਰੀ ਖ਼ਲਕਤ ਸੌਂ ਜਾਵੇ ,
ਬਾਤਾਂ ਪਾਵੀਂ ਕੋਲ ਬਿਠਾ ਕੇ ਪੀੜਾਂ ਨੂੰ ।

ਕੰਡਿਆਂ ਦੀ ਸੂਲੀ ਤੇ ਹੱਸਦਾ ਫੁੱਲ ਜਿਵੇਂ ,
ਮੁਸਕਾਉਣਾ ਵੀ ਰੱਖ ਸਿਖਾ ਕੇ ਪੀੜਾਂ ਨੂੰ ।

ਕੋਈ ਹੰਝੂ ਖੋਲ ਨਾ ਦੇਵੇ ਤੇਰਾ ਪੋਲ ,
ਪਲਕਾਂ ਤੋਂ ਵੀ ਰੱਖ ਲੁਕਾ ਕੇ ਪੀੜਾਂ ਨੂੰ ।

ਕਿਧਰੇ ਔਖਾ ਹੋ ਜਾਵੇ ਫਿਰ ਸਾਹ ਲੈਣਾ ,
 ਏਨਾ ਵੀ ਨਾ ਰੱਖ ਵਧਾ ਕੇ ਪੀੜਾਂ ਨੂੰ ।

ਫ਼ਰਜ਼ਾਂ ਦੀ ਸੂਲੀ ਤੇ ਚੜਨਾ ਸੌਖਾ ਨਹੀ ,
 ਰੱਖੀਂ ਇਹ ਵੀ ਗਲ ਸਮਝਾ ਕੇ ਪੀੜਾਂ ਨੂੰ ।

ghazal....

ਨੇਰ੍ਹਿਆਂ ਦਾ ਦਰਦ ਖ਼ੁਦ ਉਹ ਜਰ ਗਿਆ ।
ਮੇਰੀਆਂ ਤਲੀਆਂ ਤੇ ਦੀਵੇ ਧਰ ਗਿਆ ।

ਬੇਵਸੀ ਕਿੱਦਾਂ ਨਾ ਰੋਵੇ ਫੁੱਟ ਕੇ ,
ਵਕ਼ਤ ਹੀ ਬਰਬਾਦ ਐਨਾ ਕਰ ਗਿਆ ।

ਕਰ ਗਿਆ ਗ਼ਮਗੀਨ ਮੇਰੀ ਜਿੰਦਗੀ ,
ਝੋਲ ਮੇਰੀ ਨਾਲ ਦਰਦਾਂ ਭਰ ਗਿਆ ।

ਕੀ ਗਿਲਾ ਗੈਰਾਂ ਤੇ ਜਦ ਆਪਣਾ ਹੀ ਉਹ ,
 ਢਾਹ ਕੇ ਅਪਣੇ ਹੱਥੀਂ ਮੇਰਾ ਘਰ ਗਿਆ ।

ਉਸ ਤਰ੍ਹਾਂ ਸਰ ਕਰ ਗਿਆ ਅਸਮਾਨ ਵੀ ,
ਖਾਹਿਸ਼ਾਂ ਹਥੋਂ ਹੈ ਬੰਦਾ ਹਰ ਗਿਆ ।

ghazal...

ਜਦ ਜਗ ਦਾ ਵਰਤਾਰਾ ਤੱਕਾਂ ।
ਅਪਣਾ ਆਪ ਵਿਚਾਰਾ ਤੱਕਾਂ ।

ਜਿੱਦਾਂ -ਕਿੱਦਾਂ ਹੋੜ ਲਵਾਂ ,ਜਦ
ਹੋਈ ਰੀਝ ਅਵਾਰਾ ਤੱਕਾਂ ।

ਟੁੱਟ ਗਿਆ ਕੁਝ ਅੰਦਰ ਜਾਪੇ ,
 ਜਦ ਮੈਂ ਟੁੱਟਾ ਤਾਰਾ ਤੱਕਾਂ ।

ਅਕਸਰ ਹੀ ਮੈਂ ਸੁੱਤੀ ਹੋਈ ,
ਮਰਦਾ ਖ਼ਾਬ ਕੁਆਰਾ ਤੱਕਾਂ ।

ਨਜ਼ਰ ਚੁਰਾ ਕੇ ਮੇਰੇ ਤੋਂ ਗ਼ਮ ,
ਫਿਰਦਾ ਮਾਰਾ-ਮਾਰਾ ਤੱਕਾਂ ।

ਤੋਲਾਂ ਜਦ ਵੀ ਗ਼ਮ ਤੇ ਹਾਸੇ ,
 ਗ਼ਮ ਦਾ ਪੱਲਾ ਭਾਰਾ ਤੱਕਾਂ ।

ਗਮਲੇ ਵਿਚ ਉਗਾਵਾਂ ਪਿੱਪਲ ,
 ਛਾਂ ਦਾ ਫੇਰ ਸਹਾਰਾ ਤੱਕਾਂ ।

ghazal....

ਜ਼ਿੰਦਗੀ ਦੀ ਹਾਰ ਨੂੰ ਦੁਹਰਾ ਗਿਆ ।
ਜਦ ਕਦੀ ਵੀ ਖ਼ਾਬ ਤੇਰਾ ਆ ਗਿਆ ।

ਝਿਜ਼ਕਦਾ , ਕੁਝ ਥਰਕਦਾ ,ਕੁਝ ਕੰਬਦਾ ,
ਨਾਮ ਤੇਰਾ ਫਿਰ ਲਬਾਂ ਤੇ ਆ ਗਿਆ ।

ਪੈੜ ਤੇਰੀ ਨੂੰ ਜੋ ਆਇਆ ਚੁੰਮ ਕੇ ,
ਪੌਣ ਦਾ ਬੁੱਲਾ ਉਹ ਮਨ ਮਹਿਕਾ ਗਿਆ ।

ਹੋਰ ਥੋੜੀ ਦੇਰ ਤਨਹਾ ਰਹਿਣ ਦੇ ,
 ਮਹਿਫ਼ਿਲਾਂ ਤੋਂ ਮਨ ਬੜਾ ਉਕਤਾ ਗਿਆ ।

ਦਿਲ ਕਿਵੇਂ ਪਰਵਾਜ਼ ਭਰਦਾ ਦੋਸਤਾ ,
 ਚੂਰੀਆਂ ਨੂੰ ਵੇਖ ਜਦ ਲਲਚਾ ਗਿਆ ।

ghazal...

ਤੈਨੂੰ ਜੋ ਖੰਡਰ ਲਗਦਾ ਹੈ ।
ਮੈਨੂੰ ਮੇਰਾ ਘਰ ਲਗਦਾ ਹੈ ।

ਮੁੜ -ਮੁੜ ਸੌਂਹਾਂ ਖਾਈ ਜਾਨੈ,
  ਚੋਰ ਕੋਈ ਅੰਦਰ ਲਗਦਾ ਹੈ ।

ਨਿੱਘੇ ਬੋਲੀਂ ਵੀ ਨਾ ਢਲਦਾ,
 ਦਿਲ ਉਸਦਾ ਪੱਥਰ ਲਗਦਾ ਹੈ ।

ਖ਼ੁਦ ਨੂੰ ਬਲਦਾ ਰਖਣਾ ਪੈਂਦਾ ,
  ਨ੍ਹੇਰੇ ਤੋਂ ਹੁਣ ਡਰ ਲਗਦਾ ਹੈ ।

ਝੱਖੜ ਝੰਬੇ ਰਾਹਾਂ ਤੇ ,ਦਿਲ
ਚੱਲਣ ਤੋਂ ਮੁਨਕਰ ਲਗਦਾ ਹੈ ।

ਸੁਫ਼ਨੇ ਵੇਚ ਰਿਹਾ ਵਣਜਾਰਾ ,
ਦੁਨੀਆਂ ਤੋਂ ਨਬਰ ਲਗਦਾ ਹੈ ।

ਮੇਰੇ ਸਾਹਾਂ ਦੇ ਸੰਗ ਚਲਦਾ ,
 ਪੀੜਾਂ ਦਾ ਲਸ਼ਕਰ ਲਗਦਾ ਹੈ ।

ghazal...

ਦਿਲ ਗਮਾਂ ਵਿਚ ਮੁਸਕੁਰਾਉਣਾ ਜਾਣਦੈ ।
ਅੱਖ ਵਿਚ ਸਾਗਰ ਛੁਪਾਉਣਾ ਜਾਣਦੈ ।

ਵੇਖ ਕੇ ਕੱਚਾ ਘੜਾ ਕਿਓਂ ਡਰ ਗਿਆ ,
ਇਸ਼ਕ਼ ਤਾਂ ਮੰਜ਼ਿਲ ਨੂੰ ਪਾਉਣਾ ਜਾਣਦੈ ।

ਉਸ ਕਿਸੇ ਦੇ ਦਰਦ ਨੂੰ ਕੀ ਸਮਝਣੈ,
 ਉਹ ਤਾਂ ਕੇਵਲ ਦਿਲ ਦੁਖਾਉਣਾ ਜਾਣਦੈ

ਵੇਖ ਕੇ ਤੂਫ਼ਾਨ ਮਨ ਡਰਦਾ ਨਹੀਂ ,
 ਇਹ ਤਾਂ ਬਸ ਦੀਵੇ ਜਗਾਉਣਾ ਜਾਣਦੈ ।

ਅੱਜ ਦੇ ਇਸ ਦੌਰ ਵਿਚ ਹੈ ਕਾਮਯਾਬ ,
ਸ਼ਖ਼ਸ ਜੋ ਸੁਫ਼ਨੇ ਵਿਖਾਉਣਾ ਜਾਣਦੈ ।

ਓਸ ਜੁਗਨੂੰ ਵਾਂਗ ਹਾਂ ਮੈਂ ਦੋਸਤੋ ,
ਨੇਰ੍ਹਿਆਂ ਨੂੰ ਜੋ ਡਰਾਉਣਾ ਜਾਣਦੈ ।