Saturday, May 28, 2011

ghazal....

ਸਾਹ ਵੀ ਚੱਲਣ ਕਿੰਜ ਵਿਚਾਰੇ ,ਕੀ ਦੱਸਾਂ |

ਅਪਣੇ ਦਿਲ ਦੀ ਹਾਲਤ ਬਾਰੇ ,ਕੀ ਦੱਸਾਂ |

ਨੈਣਾਂ ਵਿੱਚੋਂ ਹੰਝੂ ਬਰਸਣ ਲੱਗਦੇ ਨੇ ,

ਸ਼ਾਮ ਢਲੇ ਜਦ ਚਮਕਣ ਤਾਰੇ ,ਕੀ ਦੱਸਾਂ |

ਕੇਹਾ ਰੋਸ ਬੇਗਾਨੇ ਲੋਕਾਂ ਤਾਈਂ , ਜਦ ,

ਆਪਣਿਆਂ ਹੀ ਪੱਥਰ ਮਾਰੇ ,ਕੀ ਦੱਸਾਂ |

ਦਿਲ ਕੁਝ ਐਸਾ ਆਦੀ ਹੋਇਐ ਦਰਦਾਂ ਦਾ ,

ਲੈ ਲੈਂਦਾ ਹੈ ਜ਼ਖਮ ਉਧਾਰੇ ,ਕੀ ਦੱਸਾਂ |

ਖਿੜਿਆ ਚਿਹਰਾ ਮਿਲਿਆ ਨਾਹੀ ਕਿਧਰੇ ਵੀ ,

ਲੋਕ ਮਿਲੇ ਸਭ ਗ਼ਮ ਦੇ ਮਾਰੇ , ਕੀ ਦੱਸਾਂ |

ਮੈਨੂੰ ਅਕਸਰ ਤੇਰੇ ਵਰਗੇ ਲੱਗਦੇ ਨੇ ,

ਜੁਗਨੂੰ ,ਸੂਰਜ਼ ,ਚੰਨ ,ਸਿਤਾਰੇ ,ਕੀ ਦੱਸਾਂ |

ਵਿੱਸਰ ਜਾਵੇ ਮੌਸਮ ਦੀ ਵੀਰਾਨੀ ,ਜਦ ,

ਤਿਤਲੀ ਕੋਈ ਖੰਬ ਖਿਲਾਰੇ , ਕੀ ਦੱਸਾਂ |

ਚਾਨਣ ਲੈ ਕੇ ਜਦ ਚਿੱਟਾ ਦਿਨ ਉੱਗਦਾ ਹੈ ,

ਵਿੱਸਰ ਜਾਂਦੇ ਨੇਰ੍ਹੇ ਸਾਰੇ , ਕੀ ਦੱਸਾਂ

Sunday, May 15, 2011

ghazal....

ਜਦੋਂ ਗ਼ਮ ਬਾਤ ਪਾਉਂਦੇ ਨੇ ਹੁੰਗਾਰਾ ਭਰ ਨਹੀ ਹੁੰਦਾ |

ਤੇ ਖ਼ਾਮੋਸ਼ੀ ਦਾ ਆਲਮ ਵੀ ਮੇਰੇ ਤੋਂ ਜਰ ਨਹੀ ਹੁੰਦਾ |

ਦਵਾ ਦਾਰੂ ਹੀ ਹੋ ਜਾਂਦਾ ਕਿਤੇ ਕੋਈ ਜ਼ਖਮ ਦਿਸਦਾ ਜੇ,

ਹਿਜਰ ਦੀ ਪੀੜ ਦਾ ਚਾਰਾ ਕੋਈ ਵੀ ਕਰ ਨਹੀ ਹੁੰਦਾ |

ਰਿਸੇਗਾ ਉਮਰ ਭਰ ਲਗਦੈ ਹਮੇਸ਼ਾ ਦਰਦ ਦੇਵੇਗਾ ,

ਹੈ ਏਨਾ ਜ਼ਖਮ ਇਹ ਗਹਿਰਾ ਸਮੇਂ ਤੋਂ ਭਰ ਨਹੀ ਹੁੰਦਾ |

ਤੇਰੇ ਤੇ ਰੋਸ ਹੈ ਕਾਹਦਾ ਕਮੀ ਮੇਰੇ 'ਚ ਹੋਵੇਗੀ ,

ਪਿਆਰ ਦਾ ਹੱਥ ਮੋਢੇ ਤੇ ਜੇ ਤੈਥੋਂ ਤੋਂ ਧਰ ਨਹੀ ਹੁੰਦਾ |

ਬੜਾ ਹੀ ਦੁੱਖ ਦੇਵੇ ਸੁਫ਼ਨਿਆਂ ਦਾ ਬਿਖਰ ਜਾਣਾ ਪਰ ,

ਸਹਾਰੇ ਸੁਫ਼ਨਿਆਂ ਦੇ ਵੀ ਇਹ ਭਵਜਲ ਤਰ ਨਹੀ ਹੁੰਦਾ |

ਨਾ ਰੱਖੀਂ ਭੁੱਲ ਕੇ ਦਿਲ ਵਿਚ ਤੂੰ ਐਵੇਂ ਹੀ ਗਿਲੇ ਸ਼ਿਕਵੇ ,

ਮਨਾਂ ਵਿਚਲਾ ਕਦੇ ਪਾੜਾ ਕਿਸੇ ਤੋਂ ਭਰ ਨਹੀ ਹੁੰਦਾ |

ਖੜ੍ਹੀ ਨਾ ਕਰ ਕਟਿਹਰੇ ਵਿਚ ਤੇਰੀ ਮੁਜਰਿਮ ਨਹੀ ਹਾਂ ਮੈਂ ,

ਨਾ ਸੂਲੀ ਚਾੜ੍ਹ ਇੰਜ ਮੈਨੂੰ ਮੇਰੇ ਤੋਂ ਮਰ ਨਹੀ ਹੁੰਦਾ |

ਨਾ ਬਣ ਕਮਜ਼ੋਰ ਕਰ ਹਿੰਮਤ ਉਡਾਰੀ ਮਾਰਨੀ ਸਿੱਖ ਲੈ,

ਤੂੰ ਸੋਚੀਂ ਨਾ ਪਰਾਂ ਦੇ ਬਿਨ ਇਹ ਅੰਬਰ ਸਰ ਨਹੀ ਹੁੰਦਾ|

Saturday, May 14, 2011

ghazal..

ਜਦ ਵੀ ਤੇਰਾ ਚੇਤਾ ਆਵੇ |

ਅੱਖ ਦਾ ਹਰ ਹੰਝੂ ਮੁਸਕਾਵੇ |

ਘਰ ਆਪਣੇ ਨੂੰ ਜਦ ਵੀ ਪਰਤਾਂ ,

ਸਾਇਆ ਵੀ ਮੁੜ ਨਾਲ ਨਾ ਆਵੇ |

ਤੱਕ ਕੇ ਘੋਰ ਹਨੇਰਾ ਦਿਲ ਦਾ ,

ਸੂਰਜ ਵੀ ਰਸਤਾ ਛੱਡ ਜਾਵੇ |

ਰੂਹ ਨੇ ਏਨੇ ਦਰਦ ਸਹੇ ਨੇ ,

ਖੁਸ਼ੀਆਂ ਤੋਂ ਹੁਣ ਦਿਲ ਘਬਰਾਵੇ |

ਖੌਰੇ ਉਸਨੂੰ ਕੀ ਮਿਲਣਾ ,ਜੋ

ਦਿਲ ਚੋਂ ਮੇਰੀ ਯਾਦ ਮਿਟਾਵੇ |

ਪੁੱਛ ਲਿਆ ਕਰ ਹਾਲ ਕਦੇ ਤਾਂ,

ਚੰਦਰਾ ਮਨ ਬਸ ਏਨਾ ਚਾਹਵੇ |

ਮੋਹ ਨਾ ਰਹਿੰਦਾ ਨੀਂਦਾਂ ਤਾਈਂ ,

ਖਾਬਾਂ ਤੋਂ ਜਦ ਮਨ ਉਕਤਾਵੇ |

ਸ਼ਾਮ ਢਲੇ ਤਾਂ ਮਨ ਦੇ ਅੰਦਰ ,

ਯਾਦ ਤੇਰੀ ਆ ਖੌਰੂ ਪਾਵੇ |

ਟੁੱਟੇ ਤਾਰੇ ਢੂੰਢਣ ਜਾਂਦੈ ,

ਦਿਲ ਨੂੰ ਕੋਈ ਕੀ ਸਮਝਾਵੇ |

ghazal...

ਹਰ ਕਦਮ 'ਤੇ ਹਾਦਸੇ ਝਲਦੀ ਰਹੀ |

ਜ਼ਿੰਦਗੀ ਏਸੇ ਤਰ੍ਹਾਂ ਚਲਦੀ ਰਹੀ |

ਨੇਰ੍ਹ ਪਾ ਕੇ ਤੁਰ ਗਿਆ ਸੂਰਜ ਵੀ ਜਦ ,

ਲਾਟ ਤੇਰੀ ਯਾਦ ਦੀ ਬਲਦੀ ਰਹੀ |

ਜ਼ਖ਼ਮ ਭਾਵੇਂ ਭਰ ਗਏ ਉਂਜ ਵਕਤ ਨਾਲ,

ਪੀੜ ਪਰ ਦਿਨ-ਰਾਤ ਸੀ ਫਲਦੀ ਰਹੀ|

ਝੱਲ ਨਾ ਹੋਈ ਤੇਰੀ ਇਕ ਬੇਰੁਖੀ ,

ਉਂਜ ਮੈਂ ਕੀ ਕੀ ਨਹੀਂ ਝਲਦੀ ਰਹੀ |

ਕੈਦ ਹੋ ਕੇ ਅੱਖੀਆਂ ਵਿਚ ਰਹਿ ਗਏ ,

ਨੀਂਦ ਮੈਨੂੰ ਖ਼ਾਬ ਜੋ ਘਲਦੀ ਰਹੀ |

ਏਸ ਖੰਡਰ ਦਿਲ 'ਚ ਗ਼ਮ ਦੇ ਨਾਲ ਨਾਲ ,

ਰੀਝ ਤੈਨੂੰ ਮਿਲਣ ਦੀ ਪਲਦੀ ਰਹੀ |

ਧੁੱਪਾਂ ਵਿਚ ਸੜਿਆ ਮੁਕੱਦਰ ਦੇਖ ਕੇ ,

ਛਾਂ ਵੀ ਨੇੜੇ ਆਉਣ ਤੋਂ ਟਲਦੀ ਰਹੀ |