Wednesday, March 28, 2012

ghazal...

ਕਰਨਾ ਏਂ ਤਾਂ ਏਨਾ ਤੂ ਉਪਕਾਰ ਕਰੀਂ ।

ਦੋਸਤ ਬਣ ਕੇ ਦਿਲ ਉੱਤੇ ਨਾ ਵਾਰ ਕਰੀਂ ।

ਡਰ ਜਾਵੇ ਜੋ ਸੁਣ ਕੇ ਜ਼ਿਕਰ ਹਵਾਵਾਂ ਦਾ ,

ਵੇਖੀਂ ਦਿਲ ਨੂੰ ਏਨਾ ਨਾ ਬੀਮਾਰ ਕਰੀਂ ।

ਹੋਵੇ ਨਾ ਪਛਤਾਵਾ ਅਪਣੇ ਅਮਲਾਂ 'ਤੇ ,

ਏਨੀ ਕਿਰਪਾ ਜੱਗ ਦੇ ਪਾਲਨਹਾਰ ਕਰੀਂ ।

ਲੁੱਟ ਲੈਂਦੇ ਨੇ ਇਹ ਅਕਸਰ, ਤੂੰ ਐਵੇਂ ਨਾ

ਮਿੱਠੇ ਬੋਲਾਂ ਤੇ ਬਹੁਤਾ ਇਤਬਾਰ ਕਰੀਂ ।

ਮੱਥੇ ਦੇ ਵਿਚ ਰੌਸ਼ਨ ਕਰ ਸੂਰਜ ਕੋਈ,

ਨ੍ਹੇਰੇ ਦੇ ਵਿਚ ਰੂਹ ਨੂੰ ਨਾ ਬੇ-ਜ਼ਾਰ ਕਰੀਂ ।

ਫੱਟ ਹਮੇਸ਼ਾ ਇਹਨਾਂ ਦਾ ਨਾਸੂਰ ਬਣੇ ,

ਬਹੁਤੀ ਤਿੱਖੀ ਨਾ ਸ਼ਬਦਾਂ ਦੀ ਧਾਰ ਕਰੀਂ ।

ਮਰ ਨਾ ਜਾਵੇ ਖਾਹਿਸ਼ ਤੇਰੀ ਉੱਡਣ ਦੀ ,

ਏਨਾ ਵੀ ਨਾ ਪਿੰਜਰੇ ਨਾਲ ਪਿਆਰ ਕਰੀਂ ।

ghazal...

ਫੇਰ ਤੇਰੀ ਯਾਦ ਨੂੰ ਅੱਜ ਸੀਨੇ ਲਾ ਕੇ ਵੇਖਿਆ ।

ਦਿਲ 'ਚ ਸੁੱਤੇ ਦਰਦ ਨੂੰ ਅੱਜ ਫਿਰ ਜਗਾ ਕੇ ਵੇਖਿਆ ।

ਉੱਠ ਗਿਆ ਇਤਬਾਰ ਹਰ ਇਕਰਾਰ ਵਾਲੇ ਲਫ਼ਜ਼ ਤੋਂ ,

ਵਾਅਦਿਆਂ ਨੇ ਇਸ ਤਰ੍ਹਾਂ ਕੁਝ ਆਜ਼ਮਾ ਕੇ ਵੇਖਿਆ ।

ਕੱਲ੍ਹ ਦੇ ਤੇ ਭਲਕ ਦੇ ਵਿਚਕਾਰ ਜਿੰਦ ਪਿਸਦੀ ਰਹੀ ,

ਅੱਜ ਦਾ ਵੀ ਹਰ ਸਿਤਮ ਪਿੰਡੇ ਹੰਢਾ ਕੇ ਵੇਖਿਆ ।

ਇਹ ਮੇਰੇ ਸ਼ਿਅਰਾਂ 'ਚ ਸ਼ਾਮਿਲ ਹੋ ਗਿਆ ਚੁਪ-ਚਾਪ ਹੀ,

ਦਰਦ ਨੂੰ ਸ਼ਬਦਾਂ ਤੋਂ ਮੈਂ ਜਦ ਵੀ ਲੁਕਾ ਕੇ ਵੇਖਿਆ ।

ਸਦਮਿਆਂ ਦੀ ਗਹਿਰ ਅੰਦਰ ਦੱਬਿਆ ਘੁਟਿਆ ਰਿਹਾ ,

ਮਨ ਦਾ ਪੰਛੀ ਜਦ ਕਦੀ ਅਰਸ਼ੀਂ ਉੜਾ ਕੇ ਵੇਖਿਆ ।

ਦੋ ਕਦਮ ਹੀ ਨਾਲ ਤੁਰਿਆ ਫੇਰ ਛੱਡ ਕੇ ਤੁਰ ਗਿਆ ,

ਹਮਸਫ਼ਰ ਜਦ ਵੀ ਕੋਈ ਅਪਣਾ ਬਣਾ ਕੇ ਵੇਖਿਆ ।

ghazal..

ਸ਼ਾਜਿਸ਼ਾਂ ਅਕਸਰ ਹਨੇਰਾ ਐਸੀਆਂ ਕਰਦਾ ਰਿਹਾ |

ਚਾਨਣੀ ਕੋਲੋਂ ਵੀ ਮੇਰਾ ਦਿਲ ਸਦਾ ਡਰਦਾ ਰਿਹਾ |

ਚੰਨ ਦੀ ਥਾਂ ਜੁਗਨੁੰਆਂ ਦੇ ਨਾਲ ਕਾਲੀ ਰਾਤ ਵਿਚ ,

ਕੀ ਪਤਾ ਤੈਨੂੰ ਕਿ ਮੇਰਾ ਕਿਸ ਤਰ੍ਹਾਂ ਸਰਦਾ ਰਿਹਾ |

ਸੋਚਿਆ ਸੀ ਤੁਰ ਪਵਾਂ ਪੈਰਾਂ 'ਚ ਭਟਕਣ ਬੰਨ੍ਹ ਕੇ ,

ਮੇਰਿਆਂ ਪੈਰਾਂ 'ਚ ਬੰਧਨ ਪਰ ਸਦਾ ਘਰ ਦਾ ਰਿਹਾ |

ਗੱਲ ਨਾ ਦਿਲ ਦੀ ਸੁਣੀਂ ਬਹਿ ਕੇ ਕਦੇ ਵੀ ਸਾਹਮਣੇ ,

ਉਹ ਮੇਰੇ ਜ਼ਜਬਾਤ ਦੀ ਬਸ ਪੈਰਵੀ ਕਰਦਾ ਰਿਹਾ |

ਭਰਮ ਕਿਧਰੇ ਟੁੱਟ ਨਾ ਜਾਵੇ ਮੇਰਾ, ਇਹ ਸੋਚ ਕੇ ,

ਜ਼ਹਿਨ ਅਪਣੀ ਸੋਚ ਤੇਰੇ ਹਾਣ ਦੀ ਕਰਦਾ ਰਿਹਾ|

ਫੁੱਲਾਂ ਵਰਗੇ ਰਿਸ਼ਤਿਆਂ ਦੀ ਲਾਸ਼ ਉਹ ਢੋਂਦਾ ਸੀ ,ਜੋ ,

ਮਹਿਕਾਂ ਵਰਗੇ ਰਿਸ਼ਤਿਆਂ ਦੇ ਨਾਮ ਸੀ ਧਰਦਾ ਰਿਹਾ |

ghazal....

ਸੋਚ ਦੀਆਂ ਅੱਖਾਂ 'ਤੋਂ ਡਰ ਦੀ ਐਨਕ ਅੱਜ ਉਤਾਰ ਕੇ ਦੇਖ ।

ਅੰਬਰ ਏਨਾ ਦੂਰ ਨਹੀਂ ਤੂੰ ਆਪਣੇ ਖੰਭ ਸੰਵਾਰ ਕੇ ਦੇਖ ।

ਬੀਤੇ ਵੇਲੇ ਨਾਲ ਸਦਾ ਹੀ ਕਿਉਂ ਕਰਦਾ ਤਕਰਾਰ ਰਹੇਂ ,

ਇਕ ਛਿਣ ਅਪਣੇ ਅੱਜ ਨੂੰ ਵੀ ਤੂੰ ਅਪਣੇ ਕੋਲ ਖਲ੍ਹਾਰ ਕੇ ਦੇਖ ।

ਡੁੱਬ ਨਾ ਜਾਵੇ ਅੱਥਰੂਆਂ ਵਿਚ ਤਾਰੂ ਇਹ ਦਰਿਆਵਾਂ ਦਾ ,

ਦਿਲ ਖ਼ਾਤਰ ਵੀ ਇਕ-ਅੱਧ ਸੁਫ਼ਨਾ ਨੈਣਾਂ ਵਿਚ ਸ਼ਿੰਗਾਰ ਕੇ ਦੇਖ ।

ਅਕਸਰ ਹੀ ਬੌਣੇ ਹੁੰਦੇ ਨੇ ਉੱਚੇ ਸ਼ਮਲੇ ਵਾਲੇ ਲੋਕ ,

ਅਪਣੇ ਅਨੁਭਵ ਨਾਲ ਕਦੇ ਤੂੰ ਇਹ ਵੀ ਸੱਚ ਨਿਤਾਰ ਕੇ ਦੇਖ ।

ਦੁਨੀਆਂ ਨੂੰ ਜਿੱਤਣ ਦੀ ਹਸਰਤ ਕਰਦੀ ਬੇਆਰਾਮ ਬੜਾ ,

ਰੂਹ ਦੇ ਚੈਨ-ਸਕੂਨ ਲਈ ਤੂੰ ਅਪਣਾ ਆਪਾ ਹਾਰ ਕੇ ਦੇਖ ।

ਉਸਦੇ ਦਿਲ 'ਚੋਂ ਹਿਜਰਤ ਕਰ ਕੇ ਜਿੱਦਾਂ ਯਾਦ ਗਈ ਤੇਰੀ ,

ਤੂੰ ਵੀ ਅਪਣੇ ਦਿਲ 'ਚੋਂ ਇਕ ਪਲ ਉਸਦੀ ਯਾਦ ਵਿਸਾਰ ਕੇ ਦੇਖ ।

ghazal...

ਮਨ ਦੇ ਵਿੱਚ ਹਮੇਸ਼ਾ ਇੱਕ ਮਲਾਲ ਰਿਹਾ|

ਮੇਰਾ ਹੋ ਕੇ ਤੂੰ ਨਾ ਮੇਰੇ ਨਾਲ ਰਿਹਾ ।

ਹਰ ਬੰਦੇ ਵਿਚ ਦੋਸ਼ ਦਿਖਾਈ ਦਿੰਦੇ ਨੇ ,

ਅਪਣੀ ਅੱਖ ਵਿਚ ਤੱਕਣਾ ਬਹੁਤ ਮੁਹਾਲ ਰਿਹਾ ।

ਖ਼ੁਸ਼ੀਆਂ ਨੇਂ ਤਾਂ ਸਾਰੇ ਨਾਤੇ ਤੋੜ ਲਏ ,

ਗ਼ਮ ਮੇਰੇ 'ਤੇ ਸਾਰੀ ਉਮਰ ਦਿਆਲ ਰਿਹਾ ।

ਇਹ ਰਿਸ਼ਤਾ ਵੀ ਖੌਰੇ ਕੈਸਾ ਰਿਸ਼ਤਾ ਹੈ ,

ਦੂਰ ਰਿਹਾ ਉਹ ਫਿਰ ਵੀ ਮੇਰੇ ਨਾਲ ਰਿਹਾ ।

ਔਖੇ-ਸੌਖੇ ਕੱਟ ਲਈ ਹੈ ਜੂਨ ਜਿਹੀ ,

ਇਹ ਨਾ ਪੁੱਛੀਂ ਬਿਨ ਤੇਰੇ ਕੀ ਹਾਲ ਰਿਹਾ ।

ਯਾਦਾਂ ਦਾ ਅੰਬਾਰ ਪਿਆ ਜੋ ਮਨ ਅੰਦਰ,

ਤਨਹਾਈ ਵਿਚ ਬਣਿਆਂ ਮੇਰੀ ਢਾਲ ਰਿਹਾ ।

ਸੂਖ਼ਮ ਗੀਤ ਜਿਹਾ ਸੀ ਜੀਵਨ ਤੇਰੇ ਨਾਲ,

ਤੇਰੇ ਪਿੱਛੋਂ ਇਸ ਵਿਚ ਸੁਰ ਨਾ ਤਾਲ ਰਿਹਾ ।

ਮਨ ਦਾ ਪੰਛੀ ਬਿਹਬਲ ਸੀ ਪਰਵਾਜ਼ ਲਈ ,

ਪੈਰਾਂ ਦੇ ਵਿਚ ਫ਼ਰਜ਼ਾਂ ਦਾ ਪਰ ਜਾਲ ਰਿਹਾ ।