Monday, February 25, 2013

ghazal...

ਹੋਣੀ ਟਲਦੀ ਵੇਖੀ ਨਾ ਅਰਦਾਸਾਂ ਨਾਲ ।
ਦਿਲ ਨਾ ਐਵੇਂ ਭਰਮਾਵੀਂ ਧਰਵਾਸਾਂ ਨਾਲ ।

ਵਿੱਛੜਿਆ ਸੀ ਮੈਥੋਂ ਜੋ ਖੁਸ਼ਬੂ ਬਣ ਕੇ ,
ਧੜਕਣ ਬਣ ਕੇ ਰਹਿੰਦੈ ਵੇਖ ਸਵਾਸਾਂ ਨਾਲ ।

ਲਗਦਾ ਹੈ ਜਿਉਂ ਮੇਰੀ ਹਿੰਮਤ ਹਾਰ ਗਈ ,
ਤੁਰ ਨਾ ਹੋਵੇ ਹੁਣ ਮੁਰਦਾ ਅਹਿਸਾਸਾਂ ਨਾਲ ।

ਆਪਣਿਆਂ ਨੇ ਜੋਕਾਂ ਵਾਂਗੂ ਚੂਸ ਲਿਆ ,
ਗੈਰਾਂ ਵੱਲੇ ਤੱਕਾਂ ਕੀਕਣ ਆਸਾਂ ਨਾਲ ।

ਤੇਰੇ ਅੰਦਰ ਹੀ ਹਨ ਬਾਬਰ ਤੇ ਨਾਨਕ ,
ਜਿਸ ਨੂੰ ਚਹੁੰਨੈ ਮਿਲ ਲੈ ਹੋਸ਼ -ਹਵਾਸਾਂ ਨਾਲ ।

ਧੋਖੇ ਵੱਸੀ ਜਾਂਦੇ ਵੇਖ ਜਮੀਰਾਂ ਵਿਚ ,
ਟੁੱਟੀ ਜਾਂਦੈ ਰਿਸ਼ਤਾ ਹੁਣ ਵਿਸ਼ਵਾਸਾਂ ਨਾਲ ।

Monday, February 18, 2013

ghazal...


ਪੁੱਛ ਨਾ ਤੂੰ ਸੱਜਣਾ ਹੁਣ ਹਾਲ ਮੇਰੇ ।
ਬੇਸੁਰੇ ਹੋਏ ਪਏ ਸੁਰ -ਤਾਲ ਮੇਰੇ ।

ਆਪਣੇ ਮੇਰੇ ਕਦੋਂ ਦੇ ਮੁੜ ਗਏ ,ਪਰ
ਗ਼ਮ ਬਰਾਬਰ ਤੁਰ ਰਹੇ ਨੇ ਨਾਲ ਮੇਰੇ ।

ਹੋਰ ਕਿਸਨੂੰ ਆਖਦੇ ਨੇ ਨਰਕ਼ ਦੱਸੀਂ ,
ਝਾਂਜਰਾਂ ਦੀ ਥਾਂ ਹੈ ਪੈਰੀਂ ਜਾਲ ਮੇਰੇ ।

ਮਾਰ ਕੇ ਠੀਕਰ ਗਮਾਂ ਦੇ ਸਾਗਰਾਂ ਵਿਚ ,
ਇਸ ਤਰ੍ਹਾਂ ਨਾ ਦਰਦ ਤੂੰ ਹੰਗਾਲ ਮੇਰੇ ।

ਕੀ ਪਤਾ ਸੀ ਨੇਰ੍ਹਿਆਂ ਸੰਗ ਲੜਦਿਆਂ ਹੀ ,
ਦਿਨ ,ਮਹੀਨੇ ਬੀਤਣੇ ਫਿਰ ਸਾਲ ਮੇਰੇ ।