Friday, March 1, 2013

ghazal/.......

ਜ਼ਿੰਦਗੀ ਫੁੱਲਾਂ ਜਿਹੀ ਸੀ ਖ਼ਾਰ ਹੋ ਕੇ ਰਹਿ ਗਈ ।
ਸਦਮਿਆਂ ਸੰਗ ਖੇਡਦੀ ਲਾਚਾਰ ਹੋ ਕੇ ਰਹਿ ਗਈ ।

ਮਨ ਪਰਿੰਦਾ ਆਸ ਲਾ ਕੇ ਅੰਬਰੀਂ ਉਡਦਾ ਰਿਹਾ .
ਪਿੰਜਰੇ ਵਿਚ ਕੈਦ ਰੂਹ ਬੇਜ਼ਾਰ ਹੋ ਕੇ ਰਹਿ ਗਈ ।

ਅੱਥਰੂ ਨੇ ਸ਼ਬਦ ਬਣ ਕੇ ਕਾਗ਼ਜ਼ਾਂ ਤੇ ਬਿਖਰਦੇ,
ਰੀਝ ਵੀ ਹੁਣ ਦਿਲ ਦੇ ਉੱਤੇ ਭਾਰ ਹੋ ਕੇ ਰਹਿ ਗਈ ।

ਇਸ ਤਰਾਂ ਮੈਨੂੰ ਮਿਲੀ ਤੇਰੇ ਤੋਂ ਵਿਛੜਨ ਦੀ ਸਜ਼ਾ ,
ਜਿੰਦ ਜੋਗਣ ਭਟਕਦੀ ਬੇਕਾਰ ਹੋ ਕੇ ਰਹਿ ਗਈ ।

ਉਮਰ ਭਰ ਹਾਂ ਤੜਪਦੇ ,ਧੁਖ਼ਦੇ ਰਹੇ ,ਬਲਦੇ ਰਹੇ ,
ਉਮਰ ਪੂਰੀ ਇਸ ਤਰਾਂ ਦੁਸ਼ਵਾਰ ਹੋ ਕੇ ਰਹਿ ਗਈ ।

ਜਿਸ ਕਿਸੇ ਨੂੰ ਵੇਖਦੇ ਹਾਂ ਜਾਪਦਾ ਹੈ ਓਪਰਾ ,
ਰਿਸ਼ਤਿਆਂ ਵਿਚ ਬੇਰੁਖ਼ੀ ਦੀਵਾਰ ਹੋ ਕੇ ਰਹਿ ਗਈ