Monday, September 12, 2011

ghazal...

ਮੇਰੇ ਖ਼ਾਬਾਂ ਨੂੰ ਜੇ ਮਿਲਿਆ ਘਰ ਨਹੀਂ ਤਾਂ ਫੇਰ ਕੀ |

ਸੁੱਕਿਆ ਨੈਣਾਂ ਦਾ ਜੇ ਸਾਗਰ ਨਹੀਂ ਤਾਂ ਫੇਰ ਕੀ |

ਤੇਰੀਆਂ ਯਾਦਾਂ ਦਾ ਸੂਰਜ ਜ਼ਹਿਨ ਵਿਚ ਮਹਿਫ਼ੂਜ਼ ਹੈ ,

ਜ਼ਿੰਦਗੀ ਵਿਚ ਧੁੱਪ ਦੀ ਕਾਤਰ ਨਹੀਂ ਤਾਂ ਫੇਰ ਕੀ |

ਜਾਣ ਕੇ ਖ਼ੁਦ ਨੂੰ ਇਕੱਲਾ ਕਿਉਂ ਮਨਾ ਹੋਵੇਂ ਉਦਾਸ ,

ਬਹੁਤ ਦੁਸ਼ਮਣ ਨਾਲ ਨੇ ਮਿੱਤਰ ਨਹੀਂ ਤਾਂ ਫੇਰ ਕੀ |

ਬਹੁਤ ਨੇ ਦੋ ਅੱਥਰੂ ਹੀ ਮੇਰੀਆਂ ਤੇਹਾਂ ਲਈ ,

ਰਸਤਿਆਂ ਵਿਚ ਜੇ ਕੋਈ ਸਰਵਰ ਨਹੀਂ ਤਾਂ ਫੇਰ ਕੀ |

ਕਰ ਲਿਆ ਤਬਦੀਲ ਖ਼ੁਦ ਨੂੰ ਮੌਸਮਾਂ ਦੇ ਨਾਲ ਮੈਂ ,

ਦਿਲ ਨੂੰ ਜੇਕਰ ਕਰ ਸਕੀ ਪੱਥਰ ਨਹੀਂ ਤਾਂ ਫੇਰ ਕੀ |

ਕਰ ਸਕੇਂ ਤਾਂ ਮੇਰੀ ਖ਼ਾਮੋਸ਼ੀ ਦਾ ਕਰ ਲੈ ਤਰਜੁਮਾ,

ਮੇਰੇ ਕੋਲੇ ਬੋਲਦੇ ਅੱਖਰ ਨਹੀਂ ਤਾਂ ਫੇਰ ਕੀ |

ghazal...