Wednesday, November 2, 2011

ghazal...

ਹੋਵੇ ਜੇ ਦਿਲ ਉਦਾਸ ਤਾਂ ਫਿਰ ਕੋਈ ਕੀ ਕਰੇ ।

ਭਟਕੇ ਜੇ ਰੂਹ ਨਿਰਾਸ ਤਾਂ ਫਿਰ ਕੋਈ ਕੀ ਕਰੇ ।

ਬੀਤੇ ਹਯਾਤ ਮੰਜ਼ਿਲਾਂ ਦੀ ਭਾਲ ਵਿਚ ਅਤੇ ,

ਰਸਤਾ ਨਾ ਆਵੇ ਰਾਸ ਤਾਂ ਫਿਰ ਕੋਈ ਕੀ ਕਰੇ ।

ਕਰ ਕੇ ਹਮੇਸ਼ਾ ਚਸ਼ਮਿਆਂ ਦਾ ਜ਼ਿਕਰ ਉਹ ਮੇਰੀ ,

ਪਰਖੇ ਜੇ ਸਿਰਫ਼ ਪਿਆਸ ਤਾਂ ਫਿਰ ਕੋਈ ਕੀ ਕਰੇ ।

ਡਰ ਕੇ ਮੇਰੀ ਤਨਹਾਈ ਦੇ ਆਲਮ ਤੋਂ ਦੋਸਤੋ ,

ਗ਼ਮ ਵੀ ਨਾ ਆਵੇ ਪਾਸ ਤਾਂ ਫਿਰ ਕੋਈ ਕੀ ਕਰੇ ।

ਪੀ ਕੇ ਤਮਾਮ ਉਮਰ ਵੀ ਹਿਜਰਾਂ ਦੇ ਜ਼ਹਿਰ ਨੂੰ ,

ਬਾਕੀ ਰਹੇ ਜੇ ਪਿਆਸ ਤਾਂ ਫਿਰ ਕੋਈ ਕੀ ਕਰੇ ।

ਜਿਸਨੂੰ ਖ਼ੁਦਾ ਬਣਾ ਲਿਆ ਹੈ ਆਦਮੀ ਤੋਂ ਮੈਂ ,

ਉਸਨੂੰ ਨਹੀਂ ਜੇ ਪਾਸ ਤਾਂ ਫਿਰ ਕੋਈ ਕੀ ਕਰੇ ।

ਡੋਲੀ ਨਾ ਉਮਰ ਭਰ ਕਦੇ ਮੈਂ ਗ਼ਮ ਦੇ ਭਾਰ ਨਾਲ ,

ਮੁਕ ਜਾਣ ਜੇਕਰ ਸਵਾਸ ਤਾਂ ਫਿਰ ਕੋਈ ਕੀ ਕਰੇ ।

ghazal....

ਜਦ ਆਇਆ ਤੂੰ ਚੇਤੇ ਮੇਰੇ ।

ਅੱਖੀਆਂ ਨੇ ਬਸ ਹੰਝੂ ਕੇਰੇ ।

ਤੇਰੇ ਆਸੇ -ਪਾਸੇ ਖ਼ੁਸ਼ੀਆਂ ,

ਗ਼ਮ ਨੇ ਮੇਰੇ ਚਾਰ -ਚੁਫ਼ੇਰੇ

ਪੁੱਛਦੇ ਤੇਰਾ ਠੌਰ ਠਿਕਾਣਾ ,

ਡੁਬਦੇ ਜਾਂਦੇ ਸਾਹ ਇਹ ਮੇਰੇ

‌ਸ਼ੀਸ਼ੇ ਵਾਂਗੂੰ ਤਿੜਕ ਗਈ ਮੈਂ ,

ਕੁਝ ਨਾ ਸਾਬਤ ਅੰਦਰ ਮੇਰੇ ।

ਹੁੰਦੇ ਜਾਣ ਪਰਾਏ ਹੁਣ ਤਾਂ ,

ਤੇਰੇ ਵਾਂਗ ਹੀ ਸੁਫ਼ਨੇ ਤੇਰੇ

ਤੈਨੂੰ ਹੀ ਵਿਸ਼ਵਾਸ ਨਾ ਆਇਆ ,

ਵਸਦਾ ਸੀ ਤੂੰ ਸਾਹੀਂ ਮੇਰੇ ।

ਕਰ -ਕਰ ਚੇਤੇ ਆਪ‌ਣ‌ਿਆਂ ਨੂੰ ,

ਧੁਖ਼ਦਾ ਹੈ ਦਿਲ ਸ਼ਾਮ -ਸਵੇਰੇ ।