Tuesday, December 20, 2011

ghazal...

ਕਿੰਝ ਲਿਖਾਂ ਬੇਗਾਨੇ ਸੂਰਜ 'ਤੇ ਅਪਣਾ ਸਿਰਨਾਵਾਂ |
ਚੰਨ ਤਾਰੇ ਨਾ ਅੰਬਰ ਮੇਰਾ, ਨਾ ਧੁੱਪ ਨਾ ਪਰਛਾਵਾਂ |

ਪੀੜਾਂ ਦਾ ਇਹ ਪੰਧ ਲੰਮੇਰਾ, ਦਿਸਦੀ ਨਹੀਉਂ ਮੰਜ਼ਿਲ ,
ਨੇਰ੍ਹੇ ਦੇ ਵਿਚ ਰਸਤੇ ਗੁੰਮੇ , ਚਾਨਣ ਵਿੱਚ ਦਿਸ਼ਾਵਾਂ |

ਦਿਨ ਵਿਚ ਮੇਰਾ ਸੂਰਜ ਗੁੰਮਿਆਂ , ਚੰਦ ਗਵਾਚਾ ਰਾਤੀ ,
ਚੇਤਰ ਰੁੱਤੇ ਮਹਿਕ ਗਵਾਚੀ , ਸਾਵਣ ਰੁੱਤ ਝਨਾਵਾਂ |

ਨੇਰ੍ਹ ਛਲੇਡੇ ਨੇ ਇੰਝ ਛਲਿਆ, ਜੁਗਨੂੰ ਬਣੇ ਨਾ ਦੀਵਾ ,
ਰੁੱਖਾਂ ਵਾਂਗੂੰ ਧੁੱਪਾਂ ਸਹਿ ਕੇ ,ਕਰ ਨਾ ਹੋਈਆਂ ਛਾਵਾਂ |

ਕੁਝ ਰਾਹਵਾਂ 'ਤੇ ਬੰਦੇ ਨੂੰ ਕੱਲੇ ਹੀ ਤੁਰਨਾ ਪੈਂਦੈ,
ਜੀਣਾ ਵੀ ਤੇ ਮਰਨਾ ਵੀ ਹੁੰਦਾ ਹੈ ਬਾਝ ਭਰਾਵਾਂ |

ਨਦੀਏ ਆਪਣੀ ਤਲਬ ਦਾ ਦਾਰੂ, ਹੋਰ ਕਿਤੇ ਚੱਲ ਲੱਭੀਏ,
ਥਲ ਸਾਗਰ ਦੋਹਾਂ ਤੋਂ ਮਿਲਣੈ ਤੇਹ ਦਾ ਹੀ ਸਿਰਨਾਵਾਂ |

ghazal....

ਜਦ ਕਦੀ ਵੀ ਦਰਦ ਦਾ ਕਿੱਸਾ ਸੁਣਾਏਂਗਾ ਦਿਲਾ |

ਸਿਸਕਦੇ ਜ਼ਜ਼ਬਾਤ ਨੂੰ ਕਿੱਦਾਂ ਵਰਾਏਂਗਾ ਦਿਲਾ |

ਮੰਨਿਆਂ ਕਿ ਪੀੜ ਅੰਦਰ ਦੀ ਨਜ਼ਰ ਆਉਂਦੀ ਨਹੀਂ ,

ਅੱਖ ਵਿਚਲੀ ਪਰ ਨਮੀ ਕਿੱਦਾਂ ਛੁਪਾਏਂਗਾ ਦਿਲਾ |

ਖਾਏਂਗਾ ਜਦ ਚੂਰੀਆਂ ਤੂੰ ਪਿੰਜਰੇ ਵਿਚ ਬੈਠ ਕੇ ,

ਟੁੱਟਿਆਂ ਖੰਭਾਂ ਦਾ ਵੀ ਮਾਤਮ ਮਨਾਏਂਗਾ ਦਿਲਾ |

ਗ਼ਮ, ਉਦਾਸੀ, ਦਰਦ ਤੇ ਹੰਝੂ ਹੀ ਝੋਲੀ ਪੈਣਗੇ,

ਖ਼ਾਹਿਸ਼ਾਂ ਨੂੰ ਇਸ ਤਰ੍ਹਾਂ ਜੇ ਸਿਰ ਚੜ੍ਹਾਏਂਗਾ ਦਿਲਾ |

ਇਸ ਉਦਾਸੇ ਦੌਰ ਵਿਚ ਜੇ ਬਹਿ ਗਿਉਂ ਹੰਭ ਹਾਰ ਕੇ ,

ਕਿਸ ਤਰ੍ਹਾਂ ਫਿਰ ਭਾਰ ਫ਼ਰਜ਼ਾਂ ਦਾ ਉਠਾਏਂਗਾ ਦਿਲਾ |

ghazal...

ghazal....

by Baljit Saini on Monday, 5 December 2011 at 06:55

ਕਾਲ਼ੀਆਂ ਰਾਤਾਂ ਵਿਚ ਜੁਗਨੂੰ ਜਾਂ ਤਾਰਾ ਨਾ ਲਭਿਆ |

ਨੇਰੇ੍ ਨੂੰ ਵਰਚਾਉਣ ਲਈ ਇਕ ਲਾਰਾ ਨਾ ਲਭਿਆ |

ਹੋਰ ਅਧੂਰਾ ਲਗਿਆ ਮੈਨੂੰ ਅਪਣਾ ਆਪ, ਜਦੋਂ

ਅਪਣੇ ਦਿਲ 'ਚੋਂ ਵੀ ਤੂੰ ਮੈਨੂੰ ਸਾਰਾ ਨਾ ਲਭਿਆ |

ਮੈਨੂੰ ਨ੍ਹੇਰੇ ਅੰਦਰ ਭਟਕ ਰਹੀ ਨੂੰ ਸਦੀਆਂ ਤੋਂ,

ਸਰਘੀ ਦਾ ਰਾਹ ਦੱਸਣ ਵਾਲਾ ਤਾਰਾ ਨਾ ਲਭਿਆ |

ਅੰਬਰ ਦੇ ਚੰਨ ਦੀ ਚਾਹਤ ਨੇ ਠੱਗ ਲਿਆ ਏਦਾਂ,

ਫੇਰ ਕੋਈ ਧਰਤੀ ਦਾ ਹੋਰ ਸਹਾਰਾ ਨਾ ਲਭਿਆ |

ਹਰ ਸ਼ੈਅ ਵਿਕਦੀ ਮਿਲ ਜਾਂਦੀ ਹੈ ਜੱਗ 'ਤੇ ,ਪਰ ਮੈਨੂੰ

ਸੁਫ਼ਨੇ ਵੇਚਣ ਵਾਲਾ ਇਕ ਵਣਜਾਰਾ ਨਾ ਲਭਿਆ |

ਤੇਰੇ ਇਸ਼ਕ ਸਮੁੰਦਰ ਵਿਚ ਡੁਬੀਆਂ ਕੁਝ ਏਸ ਤਰ੍ਹਾਂ ,

ਤਿਰਹਾਈਆਂ ਰੀਝਾਂ ਨੂੰ ਫੇਰ ਕਿਨਾਰਾ ਨਾ ਲਭਿਆ |

ghazal...

ਜਦ ਆਇਆ ਤੂੰ ਚੇਤੇ ਮੇਰੇ ।

ਅੱਖੀਆਂ ਨੇ ਬਸ ਹੰਝੂ ਕੇਰੇ ।

ਤੇਰੇ ਆਸੇ -ਪਾਸੇ ਖ਼ੁਸ਼ੀਆਂ ,

ਗ਼ਮ ਨੇ ਮੇਰੇ ਚਾਰ -ਚੁਫ਼ੇਰੇ

ਪੁੱਛਦੇ ਤੇਰਾ ਠੌਰ ਠਿਕਾਣਾ ,

ਡੁਬਦੇ ਜਾਂਦੇ ਸਾਹ ਇਹ ਮੇਰੇ

‌ਸ਼ੀਸ਼ੇ ਵਾਂਗੂੰ ਤਿੜਕ ਗਈ ਮੈਂ ,

ਕੁਝ ਨਾ ਸਾਬਤ ਅੰਦਰ ਮੇਰੇ ।

ਹੁੰਦੇ ਜਾਣ ਪਰਾਏ ਹੁਣ ਤਾਂ ,

ਤੇਰੇ ਵਾਂਗ ਹੀ ਸੁਫ਼ਨੇ ਤੇਰੇ

ਤੈਨੂੰ ਹੀ ਵਿਸ਼ਵਾਸ ਨਾ ਆਇਆ ,

ਵਸਦਾ ਸੀ ਤੂੰ ਸਾਹੀਂ ਮੇਰੇ ।

ਕਰ -ਕਰ ਚੇਤੇ ਆਪ‌ਣ‌ਿਆਂ ਨੂੰ ,

ਧੁਖ਼ਦਾ ਹੈ ਦਿਲ ਸ਼ਾਮ -ਸਵੇਰੇ ।