Sunday, July 15, 2012

ghazal...

ਟੁੱਟ ਗਏ ਨੇ ਸਾਰੇ, ਸਾਬਤ ਹੁਣ ਕੋਈ ਇਕ਼ਰਾਰ ਨਹੀ ਹੈ ।
ਬੇਵਿਸ਼ਵਾਸੇ ਮੌਸਮ ਅੰਦਰ ਖ਼ੁਦ 'ਤੇ ਵੀ ਇਤਬਾਰ ਨਹੀ ਹੈ ।

ਡਰ ਲਗਦਾ ਹੈ ਇਹਨਾਂ ਕੋਲੋਂ ਆਉਂਦੇ ਨੇ ਜੋ ਦਰਦ ਵੰਡਾਵਣ,
ਰੂਹ ਤਕ ਪੱਛ ਜਾਂਦੇ ਪਰ ਦਿਸਦੀ ਹੱਥਾਂ ਵਿਚ ਤਲਵਾਰ ਨਹੀ ਹੈ ।

ਇਹ ਜਿਹੜੀ ਵਿਚਕਾਰ ਖੜੀ ਹੈ ਬਸ ਹਉਮੈ ਹੈ ਤੇਰੀ ਮੇਰੀ ,
ਓਦਾਂ ਸਾਡੇ ਵਿੱਚ -ਵਿਚਾਲੇ ਕੋਈ ਵੀ ਦੀਵਾਰ ਨਹੀ ਹੈ ।

ਲਗਦਾ ਹੈ ਜਿਓਂ ਪਲਕਾਂ ਉੱਤੇ ਚੁੱਕੀ ਫਿਰਦੀ ਹਾਂ ਮੈਂ ਪਰਬਤ ,
ਆਖਣ ਨੂੰ ਤਾਂ ਅੱਥਰੂਆਂ ਦਾ ਹੁੰਦਾ ਕੋਈ ਭਾਰ ਨਹੀ ਹੈ ।

ਇਹ ਨਾ ਸੋਚੀਂ ਕੰਡਿਆਂ ਨਾਲ ਰਿਹਾ ਨਾ ਅੱਜ ਕਲ੍ਹ ਰਿਸ਼ਤਾ ਕੋਈ ,
ਦਾਮਨ ਮੇਰਾ ਦੇਖਣ ਨੂੰ ਜੇ ਲਗਦਾ ਤਾਰੋ -ਤਾਰ ਨਹੀ ਹੈ ।


ਮੇਰਾ ਕਿੰਨਾ ਮੁੱਲ ਪਾਉਣਾ ਹੈ ਨਿਰਭਰ ਹੈ ਸਭ ਤੇਰੇ ਉੱਤੇ ,
ਖੋਟੇ ਸਿੱਕੇ ਵਾਂਗੂੰ ਹਾਂ ਮੈਂ ਇਸ ਗੱਲ ਤੋਂ ਇਨਕਾਰ ਨਹੀ ਹੈ ।

Tuesday, July 10, 2012

ghazal...

ਮੇਰੇ ਹਿੱਸੇ ਦੀ ਚਾਹਤ, ਉਹ ਕੁਥਾਈਂ ਰੋੜ੍ਹ ਆਇਆ ਹੈ ।
ਕਿਸੇ ਨੂੰ ਕੀ ਪਤਾ ਕਿਸ ਨੇ ,ਕਿਸੇ ਦਾ, ਕੀ ਗਵਾਇਆ ਹੈ ।

ਜੋ ਰੱਖੀਆਂ ਦੂਰੀਆਂ ਮੈਥੋਂ , ਦਿਖਾਈ ਬੇਰੁਖੀ ਏਨੀ,
ਇਹ ਦਿੱਤੀ ਹੈ ਸਜ਼ਾ ਖ਼ੁਦ ਨੂੰ ਕਿ ਤੂੰ ਮੈਨੂੰ ਸਤਾਇਆ ਹੈ ।

ਕੋਈ ਰਿਸ਼ਤਾ ਨਹੀ ਸਾਲਮ ਤੇ ਜੀਵਨ ਹੈ ਸਜ਼ਾ ਵਰਗਾ ,
ਸਦਾ ਇਹ ਰਾਜ਼ ਪਰ ਅਪਣਾ ਮੈਂ ਦੁਨੀਆਂ ਤੋਂ ਛੁਪਾਇਆ ਹੈ ।

ਦਿਸੇ ਹਰ ਚੀਜ਼ ਇਕ- ਦਮ ਸਾਫ਼ , ਐਸਾ ਚਾਨਣਾ ਦੇਵੀਂ ,
ਹਨੇਰਾ ਸੁੰਨੇ ਰਾਹਾਂ ਦਾ ਬੜਾ ਪਿੰਡੇ ਹੰਡਾਇਆ ਹੈ ।

ਜੇ ਆਉਣਾ ਹੈ ਤਾਂ ਇਕ ਸੁਫ਼ਨਾ ਜਿਹਾ ਬਣ ਕੇ ਹੀ ਤੂੰ ਆਵੀਂ ,
ਜ਼ਮਾਨੇ ਨੇ ਹਕ਼ੀਕ਼ਤ ਵਿਚ ਬੜਾ ਮੈਨੂੰ ਰਵਾਇਆ ਹੈ ।

ਲੁਕੋ ਕੇ ਦਰਦ ਅਪਣਾ ਮੁਸਕੁਰਾਉਣਾ ਹੈ ਬੜਾ ਔਖਾ ,
ਮੇਰਾ ਪਰ ਹੌਸਲਾ ਦੇਖੋ ਮੈਂ ਇਹ ਵੀ ਕਰ ਦਿਖਾਇਆ ਹੈ।

ghazal...

ਯਾਦ ਤੇਰੀ ਦਾ ਖਿੱਦੋ ਅੱਜ ਉਧੇੜ ਲਿਆ ।
ਦੁੱਖ ਨਵਾਂ ਇਕ ਦਿਲ ਨੇ ਫੇਰ ਸਹੇੜ ਲਿਆ ।


ਦੋਸ਼  ਨਹੀਂ ਹੈ  ਤੇਰਾ,  ਹੋਰਾਂ  ਵਾਂਗੂੰ  ਜੇ
 ਦਿਲ ਆਪਣੇ ਦਾ ਦਰਵਾਜਾ ਤੂੰ ਭੇੜ ਲਿਆ ।


ਸੁਣਿਐਂ ਉਹ ਵੀ ਭਟਕ ਰਿਹੈ ਅੱਜ ਕਲ ,ਜਿਸਨੇ
ਰਸਤਾ ਆ  ਕੇ ਮੰਜਿਲ ਕੋਲ਼  ਨਿਖੇੜ ਲਿਆ ।


ਅੱਖ ਬਚਾ  ਕੇ ਕੋਲੋਂ ਦੀ  ਲੰਘ ਜਾਵੇ   ਉਹ ,
ਲੱਖ ਦੁਆਵਾਂ ਕਰ ਸੀ ਜਿਸਦਾ ਨੇੜ  ਲਿਆ ।


ਸੂਲੀ ਉੱਤੇ ਸਾਹ ਲਟਕਾ   ਕੇ ਸੁਣਿਆ ਹੈ ,
ਜਦ ਵੀ ਲੋਕਾਂ   ਤੇਰਾ ਕਿੱਸਾ ਛੇੜ  ਲਿਆ ।


ਕੋਈ ਦੁਸ਼ਮਣ ਆ ਕੇ ਹੀ  ਹੁਣ ਸਾਰ ਲਏ,
ਆਪਣਿਆਂ ਨੇ ਅਪਣਾ ਕੰਮ  ਨਿਬੇੜ ਲਿਆ ।

ghazal....

ਹੈ ਘਰਾਂ ਵਿਚਕਾਰ ਜੇਕਰ ਫ਼ਾਸਲਾ ਤੂੰ ਰਹਿਣ ਦੇ ।
ਥੋੜਾ ਜੇਹਾ ਪਰ ਦਿਲਾਂ ਦਾ ਰਾਬਤਾ ਤੂੰ ਰਹਿਣ ਦੇ ।


ਕਰ ਸਕਾਂ ਮੈਂ ਸੁਫਨਿਆਂ ਵਿਚ ਨਾਲ ਤੇਰੇ ਗੁਫ਼ਤਗੂ ,
ਨੀਂਦਰਾਂ ਦੇ ਨਾਲ  ਏਨਾ   ਵਾਸਤਾ ਤੂੰ ਰਹਿਣ ਦੇ ।


ਸੈਂਕੜੇ ਦੁੱਖਾਂ ਦੇ ਝੱਖੜ ਮੈਂ ਇੱਕਲੀ ਜਰ ਲਊਂ ,
ਯਾਦਾਂ ਦਾ ਬਸ ਨਾਲ ਮੇਰੇ ਕਾਫ਼ਲਾ ਤੂੰ ਰਹਿਣ ਦੇ ।


ਪੂੰਝ ਨਾ ਪਲਕਾਂ ਤੋਂ ਹੰਝੂ ਇਸ ਕਦਰ ਨਾ ਤਰਸ ਕਰ ,
ਦਿਲ ਤਾਂ ਐਵੇਂ ਢਾਰਸਾਂ ਹੈ   ਭਾਲਦਾ ਤੂੰ ਰਹਿਣ ਦੇ ।


ਦੋਸਤੀ ਤੇ   ਦੁਸ਼ਮਣੀ ਦੇ   ਸਿਲਸਲੇ ਸਭ ਤੋੜ ਲੈ,
ਜੀਣ ਦਾ ਸਾਮਾਨ ਪਰ ਕੁਝ ਸਾਬਤਾ ਤੂੰ ਰਹਿਣ ਦੇ ।


ਬਿਖ਼ਰ ਜਾਵੇ ਹੋ ਕੇ ਖੰਡਰ ਫਿਰ ਕਿਤੇ ਮੇਰਾ ਵਜੂਦ ,
ਇਸ ਤਰਾਂ ਬਣ ਕੇ ਨਾ ਆਵੀਂ ਹਾਦਸਾ ਤੂੰ ਰਹਿਣ ਦੇ ।


ਜੇ ਸਜ਼ਾ ਦੇਣੀ ਹੈ ਮੈਨੂੰ ਹੋਰ ਲੱਭ ਰਸਤਾ ਕੋਈ ,
ਇੰਝ ਦਿਖਾ ਕੇ ਬੇਰੁਖ਼ੀ ਨਾ ਆਜ਼ਮਾ ਤੂੰ ਰਹਿਣ ਦੇ ।