Monday, March 14, 2011

ghazal,,,,,,

ਸੋਚਾਂ ਤੇਰੀ ਯਾਦ ਨੂੰ ਆਖਾਂ,ਦਿਲ ਦੇ ਵਿਹੜੇ ਆ ਨਾਹੀਂ |
ਏਸ ਨਿਮਾਣੀ ਜਿੰਦ ਨੂੰ ਐਵੇਂ ,ਸੋਚਾਂ ਵਿਚ ਉਲਝਾ ਨਾਹੀਂ |

ਧੂੰਆਂ ਧੂੰਆਂ ਚਾਨਣ ਦਿਨ ਦਾ ,ਗ਼ਮ ਦੀ ਰਾਤ ਵੀ ਕਾਲ਼ੀ ਏ,
ਲੋੜ ਮੇਰੀ ਏ ਚੰਨ ਸਬੂਤਾ ,ਬਣ ਜੁਗਨੂੰ ਤਰਸਾ ਨਾਹੀਂ |

ਰੀਝਾਂ ਦੀ ਅਰਥੀ ਨੂੰ ਮੋਢਾ,ਸਬਰ ਮੇਰੇ ਨੇ ਕੀ ਦੇਣਾਂ ,
ਦੁਖੜੇ ਜਰਦਾ ਦਿਲ ਫਟ ਜਾਵੇ ,ਸ਼ਾਲਾ ਇੰਜ ਅਜ਼ਮਾ ਨਾਹੀਂ |

ਭਰਦਾ ਜਦ ਪੈਮਾਨਾ ਦਿਲ ਦਾ ,ਰੋ ਰੋ ਹਲਕਾ ਹੋਵੇ ਨਾ ,
ਐਵੇਂ ਚਾੜ੍ਹ ਨਾ ਸੂਲੀ ਦਿਲ ਨੂੰ ਅਪਣਾ ਆਪ ਖਪਾ ਨਾਹੀਂ |

ਖ਼ੁਸ਼ੀਆਂ ਖੋਹ ਕੇ ਝੋਲੀ ਸਾਡੀ ,ਨਾਲ ਗ਼ਮਾਂ ਦੇ ਭਰ ਦਿੱਤੀ ,
ਹੁਣ ਤਾਂ ਰੱਬਾ ਚੈਨ ਮੋੜ ਦੇ ,ਭਟਕਣ ਦੇ ਵਿਚ ਪਾ ਨਾਹੀਂ |

ਉਮਰਾਂ ਨਾਲੋਂ ਲੰਮਾ ਰਿਸ਼ਤਾ ,ਬੇਸ਼ਕ ਹੈ ਤਨਹਾਈ ਨਾਲ ,
ਇਹ ਵੀ ਕਿਧਰੇ ਛੱਡ ਨਾ ਜਾਵੇ ,ਇਸ ਨੂੰ ਮੀਤ ਬਣਾ ਨਾਹੀਂ |

ਗ਼ਮ ਦੇ ਸਾਗਰ ਦੇ ਵਿਚ ਡੁਬ ਕੇ ਵੇਖੀਂ ਸਾਹ ਘੁੱਟ ਜਾਵੇ ਨਾ ,
ਕੁੱਝ ਅੱਥਰੂ ਵਹਿ ਜਾਣ ਦੇ ਅਪਣੇ, ਬਹੁਤਾ ਦਰਦ ਛੁਪਾ ਨਾਹੀਂ

ghazal....

ਪੱਤਾ -ਪੱਤਾ ਕਰਕੇ ਲੈ ਗਈ ਪੀਲੀ ਰੁੱਤ ਉੜਾ ਕੇ

|ਖਾਬ ਅਸੀਂ ਰੱਖੇ ਸੀ ਜਿਹੜੇ ਨੈਣਾਂ ਵਿੱਚ ਸਜਾ ਕੇ

|ਮੇਰੇ ਇਕਲਾਪੇ ਨੂੰ ਵੰਡਣ ਯਾਦ ਤੇਰੀ ਸੀ ਆਈ ,

ਚੁੱਪ-ਚੁੱਪੀਤੀ ਪਰਤ ਗਈ ਪਰ ਸੁੱਤੇ ਦਰਦ ਜਗਾ ਕੇ |

ਕੁਲ ਜੀਵਨ ਦਾ ਹਾਸਲ ਸਾਡਾ ਸੱਜਣਾ ਤੇਰਾ

ਬਿਰਹਾਰੌਣਕ ਵਿਚ ਵੀ ਰੱਖਿਆ ਇਸ ਨੂੰ ਸੀਨੇ ਨਾਲ ਲਗਾ ਕੇ

|ਤਿਲ ਭਰ ਮੇਰਾ ਦਰਦ ਘਟੇ ਨਾ ,ਰੁੱਤ ਆਵੇ ਰੁੱਤ ਜਾਵੇ,

ਬਾਝ ਤੇਰੇ ਕੀ ਹਾਲਤ ਹੋਈ, ਵੇਖ ਕਦੀ ਤਾਂ ਆ ਕੇ |

ਹੰਝੂਆਂ ਚੋਂ ਨਾ ਮਾਪੀਂ ਮੇਰੇ ਜ਼ਖਮਾਂ ਦੀ ਗਹਿਰਾਈ

ਤੂੰ ਕੀ ਜਾਣੇ ਕਿੰਨੇ ਸਾਗਰ ਰੱਖੇ ਅਸੀਂ ਛੁਪਾ ਕੇ

ghazal....

ਦੱਸ ਦਿੰਦੀਆਂ ਨੇ ਦਿਲ ਦੀ ਹਾਲਤ ਅੱਖਾਂ ਪਲ ਵਿਚ ਰੋ ਕੇ

|ਬੇਸ਼ੱਕ ਜਿੰਨਾ ਮਰਜ਼ੀ ਰੱਖੀਏ ਦਿਲ ਦਾ ਦਰਦ ਲੁਕੋ ਕੇ |

ਚਾਨਣੀਆਂ ਰਾਤਾਂ ਵਿਚ ਮੇਰੇ ਸੀਨੇ ਲੱਗ ਕੇ ਰੋਵੇ ,

ਜਿਹੜੀ ਪੌਣ ਮੇਰੇ ਵੱਲ ਆਵੇ ਤੇਰੇ ਦਰ ਤੋਂ ਹੋ ਕੇ |

ਇਕ -ਇਕ ਕਰਕੇ ਨੈਣਾਂ ਵਿੱਚੋਂ ਡਿੱਗੇ ਹੰਝੂ ਬਣਕੇ ,

ਰੱਖੇ ਸੀ ਜੋ ਪਲਕਾਂ ਉੱਤੇ ਸੁਫ਼ਨੇ ਅਸੀਂ ਸੰਜੋ ਕੇ |

ਰੌਣਕ ਵਿਚ ਵੀ ਸਾਥ ਨਿਭਾਇਆ ਦੁੱਖਾਂ ਨੇ ਹੀ ਮੇਰਾ,

ਖ਼ੁਸ਼ੀਆਂ ਨੇ ਤਾਂ ਗਲ ਨਾ ਕੀਤੀ ਦੋ ਪਲ ਕੋਲ ਖਲੋ ਕੇ ।

ਤੇਰੇ ਬਾਝੋਂ ਮੇਰੀ ਹਾਲਤ ਹੋਈ ਹੈ ਕੁਝ ਐਸੀ,

ਤਿਤਲੀ ਰੱਖੀ ਹੋਵੇ ਜਿੱਦਾਂ ਸੂਲ਼ਾਂ ਵਿੱਚ ਪਰੋ ਕੇ |

ghazal...

ਤੁਸੀਂ ਜੋ ਦਰਦ ਦਿੱਤਾ ਹੈ ,ਉਹ ਦਿਲ ਵਿਚ ਭਰ ਲਿਆ ਆਖ਼ਰ |

ਅਸੀਂ ਹਰ ਹਾਲ ਵਿਚ ਜੀਣਾ,ਇਰਾਦਾ ਕਰ ਲਿਆ ਆਖ਼ਰ |

ਨਸੀਬਾਂ ਨੇ ਦਗ਼ਾ ਦਿੱਤਾ ਸੀ ਜਿਹੜੇ ਮੋੜ 'ਤੇ ਆ ਕੇ,

ਗਮਾਂ ਨੂੰ ਹਮਸਫ਼ਰ ਉਸ ਮੋੜ ਤੋਂ ਮੈਂ ਕਰ ਲਿਆ ਆਖ਼ਰ |

ਤੇਰੇ ਦਰ ਆ ਨਹੀ ਹੋਣਾ ,ਖ਼ੁਦਾਇਆ ਮਾਫ਼ ਕਰ ਦੇਵੀਂ ,

ਕਿ ਉਸਦੀ ਯਾਦ ਦੇ ਪੈਰੀਂ ਮੈਂ ਇਹ ਸਿਰ ਧਰ ਲਿਆ ਆਖ਼ਰ |

ਹਿਫ਼ਾਜ਼ਤ ਨਾਲ ਮੈਂ ਹਰ ਪਲ ਸਲਾਮਤ ਸਬਰ ਨੂੰ ਰੱਖਿਆ,

ਤੇ ਹਰ ਇਕ ਦਰਦ, ਰਹਿਮਤ ਸਮਝ ਉਸਦੀ ਜਰ ਲਿਆ ਆਖ਼ਰ |

ਖ਼ਲਾਅ ਮਨ ਦਾ ਭਰਨ ਦੇ ਵਾਸਤੇ ਕੁਝ ਭਰਮ ਪਾਲ਼ੇ ਮੈਂ ,

ਜਿਨ੍ਹਾਂ ਵਿਚ ਜੀ ਲਿਆ ਕੁਝ ਦਿਨ ,ਜਿਨ੍ਹਾਂ ਵਿਚ ਮਰ ਲਿਆ ਆਖ਼ਰ |

ਰਿਹਾ ਹੋ ਕੇ ਮੇਰੇ ਖ਼ਾਬਾਂ 'ਚੋਂ ਹੁਣ ਉਹ ਜਾ ਨਹੀਂ ਸਕਦਾ ,

ਨਜ਼ਰ ਵਿਚ ਅਕਸ ਉਸਦਾ ਕ਼ੈਦ ਏਦਾਂ ਕਰ ਲਿਆ ਆਖ਼ਰ |

ghazal..

ਸੁਫ਼ਨਾ ਬਣ ਕੇ ਨੈਣਾਂ ਦੇ ਵਿਚ ਆਇਆ ਕਰ |

ਅੱਥਰੂ ਬਣ ਕੇ ਐਵੇਂ ਨਾ ਤਰਸਾਇਆ ਕਰ |

ਮੇਰੇ ਕਾਲੇ ਰਾਹਾਂ ਨੂੰ ਰੁਸ਼ਨਾਉਣ ਲਈ ,

ਚੰਨ ਨਹੀਂ ਤਾਂ ਜੁਗਨੂੰ ਹੀ ਬਣ ਜਾਇਆ ਕਰ |

ਘਰ ਦਾ ਭੇਤੀ ਕਹਿੰਦੇ ਲੰਕਾ ਢਾਹ ਦਿੰਦਾ ,

ਹਰ ਇਕ ਨੂੰ ਨਾ ਦਿਲ ਦਾ ਹਾਲ ਸੁਣਾਇਆ ਕਰ |

ਸਾਹਾਂ ਵਾਲੀ ਡੋਰ ਸਲਾਮਤ ਰੱਖਣ ਲਈ ,

ਰੋਜ਼ ਨਵਾਂ ਇਕ ਲਾਰਾ ਦਿਲ ਨੂੰ ਲਾਇਆ ਕਰ |

ਚਿਹਰੇ ਉੱਤੇ ਰੱਖਿਆ ਕਰ ਮੁਸਕਾਨ ਸਦਾ ,

ਦਿਲ ਦੇ ਅੰਦਰ ਅਪਣੇ ਦਰਦ ਛੁਪਾਇਆ ਕਰ |

ਰਾਤ ਗਵਾਇਆ ਸੁਫ਼ਨਾ ਜਿਹੜਾ ਅੱਖਾਂ ਨੇ ,

ਦਿਨ ਚੜ੍ਹਦੇ ਨਾ ਉਸਨੂੰ ਲੱਭਣ ਜਾਇਆ ਕਰ |

ਯਾਦਾਂ ਵਿਚ ਤਾਂ ਆ ਭਾਵੇਂ ਤੂੰ ਜੀ ਸਦਕੇ ,

ਖ਼ਾਬਾਂ ਵਿਚ ਵੀ ਸੱਜਣਾ ਆਇਆ ਜਾਇਆ ਕਰ ।

ghazal...

ਤੜਪਦੀ ਸਾਗਰ ਕਿਨਾਰੇ ਪਿਆਸ ਬਾਕੀ ਹੈ ਅਜੇ |

ਦਿਲ 'ਚ ਤੈਨੂੰ ਮਿਲਣ ਦੀ ਇਕ ਆਸ ਬਾਕੀ ਹੈ ਅਜੇ|

ਮੇਰਾ ਭਟਕਣ ਨਾਲ ਰਿਸ਼ਤਾ ਤਾਂ ਕਈ ਜਨਮਾਂ ਤੋਂ ਹੈ ,

ਖੌਰੇ ਕਿੰਨਾ ਹੋਰ ਇਹ ਬਨਵਾਸ ਬਾਕੀ ਹੈ ਅਜੇ |

ਤੇਰੇ ਬਾਝੋਂ ਭਾਵੇਂ ਪੱਥਰ ਹੋ ਗਈ ਹਾਂ, ਫੇਰ ਵੀ

ਛੋਹ ਤੇਰੀ ਦਾ ਦਿਲ ਦੇ ਵਿਚ ਅਹਿਸਾਸ ਬਾਕੀ ਹੈ ਅਜੇ |

ਗ਼ਮ ਦੀਆਂ ਵੀਰਾਨੀਆਂ ਵਿਚ ਭਟਕਦੀ ਹੋਈ ਜਿੰਦ ਨੂੰ ,

ਰੌਣਕਾਂ ਦੇ ਮੁੜਨ ਦਾ ਧਰਵਾਸ ਬਾਕੀ ਹੈ ਅਜੇ |

ਹਉਕਿਆਂ ਤੇ ਹਾਅਵਿਆਂ ਨੇ ਰਾਖ ਕੀਤੀ ਜਿੰਦੜੀ ,

ਧੜਕਣਾਂ ਵਿਚ ਸੁਲਘਦਾ ਅਹਿਸਾਸ ਬਾਕੀ ਹੈ ਅਜੇ|

ਜ਼ਿੰਦਗੀ ਵਿਚ ਹਰ ਕਦਮ 'ਤੇ ਮਾਤ ਹੀ ਖਾਧੀ ਹੈ ਪਰ ,

ਜਿੱਤ ਲਵਾਂਗੇ ਦਿਲ ਤੇਰਾ ,ਵਿਸ਼ਵਾਸ ਬਾਕੀ ਹੈ ਅਜੇ |

ਲਰਜ਼ਦੇ ਨੇ ਖ਼ਾਬ ਜੋ ਪਲਕਾਂ 'ਤੇ ਬਣ ਕੇ ਅੱਥਰੂ

ਇਹ ਸਲਾਮਤ ਰਹਿਣਗੇ ਇਕ ਆਸ ਬਾਕੀ ਹੈ ਅਜੇ ।

ghazal.....

ਮੈਂ ਮਨ ਦੇ ਪਰਿੰਦੇ ਨੂੰ ਇਕ ਖ਼ਾਬ ਦਿਖਾ ਦਿੱਤਾ |

ਭਟਕਦੀਆਂ ਰੀਝਾ ਲਈ ਇਕ ਨਗਰ ਵਸਾ ਦਿੱਤਾ |

ਹੋ ਕੇ ਬੇਕਾਬੂ ਜਦ , ਇਹ ਦਿਲ ਹੈ ਕਦੀ ਰੋਇਆ,

ਉਹਲਾ ਕਰ ਹਾਸੇ ਦਾ , ਮੈਂ ਦਰਦ ਲੁਕਾ ਦਿੱਤਾ |

ਦੋਜ਼ਖ ਦੀ ਅਗਨ ਜਿਹੀ, ਹਿਜਰਾਂ ਦੀ ਪੀੜਾ ਏ.

ਸੱਜਣਾਂ ਦੇ ਬਿਰਹਾ ਨੇ, ਦਿਲ ਰਾਖ ਬਣਾ ਦਿੱਤਾ |

ਜਜ਼ਬੇ ਫੁੱਲਾਂ ਵਰਗੇ ,ਤਪ ਕੇ ਅੰਗਿਆਰ ਹੋਏ ,

ਮਹਿਕਾਂ ਦੇ ਮੌਸਮ ਨੇ ,ਕੁਝ ਐਸਾ ਦਗ਼ਾ ਦਿੱਤਾ |

ਅੱਖੀਆਂ ਵਿਚ ਸੁਫ਼ਨੇ ਵੀ ,ਹੁਣ ਆਉਣੋਂ ਡਰਦੇ ਨੇ ,

ਪਲਕਾਂ 'ਤੇ ਦਰਦਾਂ ਦਾ, ਪਹਿਰਾ ਤੂੰ ਬਿਠਾ ਦਿੱਤਾ |

ਇਸ ਦਿਲ ਦੇ ਦਰਦਾਂ ਨੇ ,ਖੋਹ ਕੇ ਮੁਸਕਾਨ ਮੇਰੀ ,

ਇਕ ਸਰਦ ਜਿਹਾ ਹਉਕਾ ,ਹੋਂਠਾਂ ਤੇ ਸਜਾ ਦਿੱਤਾ ।

ghazal....

ਇਹ ਪੰਡ ਗ਼ਮਾਂ ਦੀ ਭਾਰੀ ਹੈ |

ਦਿਲ ਚੁੱਕਣ ਤੋਂ ਇਨਕਾਰੀ ਹੈ |

ਫੁੱਲਾਂ ਦੇ ਕਿੱਦਾਂ ਖ਼ਾਬ ਲਵਾਂ,

ਮੌਸਮ 'ਤੇ ਬੇ -ਇਤਬਾਰੀ ਹੈ |

ਲੁਕ -ਲੁਕ ਰੋਂਦਾ ਹੈ ਚਾਨਣ ਵੀ ,

ਇੰਝ ਨੇਰ੍ਹੇ ਦੀ ਸਰਦਾਰੀ ਹੈ |

ਸਭ ਰਿਸ਼ਤੇ ਨਾਤੇ ਪੈਸੇ ਦੇ ,

ਪੈਸੇ ਦੀ ਦੁਨੀਆਂ ਸਾਰੀ ਹੈ |

ਦੁਖ,ਦਰਦ,ਤਸੀਹੇ ਸਹਿ-ਸਹਿ ਕੇ,

ਸੱਜਣਾ ਇਹ ਉਮਰ ਗੁਜ਼ਾਰੀ ਹੈ |

ਨਾ ਦਾਗ਼ ਹਿਜਰ ਦੇ ਧੋ ਹੋਏ ,

ਹੰਝੂਆਂ ਨੇ ਬਾਜ਼ੀ ਹਾਰੀ ਹੈ |

ਤੇਰੇ ਬਿਨ ਇਹ ਜੀਵਨ ਮੇਰਾ ,

ਦੁੱਖਾਂ ਦੀ ਇੱਕ ਪਟਾਰੀ ਹੈ |

ਜੰਗਲ ਹੈ ਦੁਨੀਆਂਦਾਰੀ ਦਾ ,

ਵਿਚ ਜਾਨ ਇਕੱਲੀਕਾਰੀ ਹੈ|

ghazal.....

ਪੁੱਛੀਂ ਨਾ ਕੀ ਹਾਲ ਵੇ ਸੱਜਣਾ |

ਤਾਲੋਂ ਹਾਂ ਬੇਤਾਲ ਵੇ ਸੱਜਣਾ |

ਤੇਰੇ ਬਾਝੋਂ ਲੰਘਦੇ ਨੇ ਜੋ ,

ਪਲ ਵੀ ਲਗਦੇ ਸਾਲ ਵੇ ਸੱਜਣਾ |

ਨਾ ਸੁਫ਼ਨੇ ਨਾ ਰੀਝਾਂ ਰਹੀਆਂ,

ਤਨਹਾਈ ਬਸ ਨਾਲ ਵੇ ਸੱਜਣਾ |

ਸੋਚਾਂ ਦਾ ਜੰਗਲ ਹੈ ਮਨ ਵਿਚ ,

ਦਿਲ ਅੰਦਰ ਭੂਚਾਲ ਵੇ ਸੱਜਣਾ |

ਛਾਵਾਂ ਰੁੱਸੀਆਂ ਸਿਖ਼ਰ ਦੁਪਹਿਰੇ,

ਤੁਰਨਾ ਬਹੁਤ ਮੁਹਾਲ ਵੇ ਸੱਜਣਾ |

ਹੰਝੂਆਂ ਨੇ ਖੋਰੇ ਸਭ ਸੁਫ਼ਨੇ,

ਹੋਏ ਨਾ ਸੰਭਾਲ ਵੇ ਸੱਜਣਾ |

ਸਾਹਵਾਂ ਦੇ ਵਿਚ ਮਹਿਕਾਂ ਮੌਲਣ,

ਯਾਦ ਤੁਰੇ ਜਦ ਨਾਲ ਵੇ ਸੱਜਣਾ