Tuesday, December 21, 2010

ghazal....

ਖਾਬਾਂ ਦੇ ਵਿਚ ਰੇਤੇ ਦੇ ਘਰ ਸੱਜਣਾ ਨਿੱਤ ਬਣਾਵਾਂ
ਆਪਣੇ ਹੱਥੀਂ ਆਪ ਬਣਾ ਕੇ ਆਪੇ ਹੀ ਫਿਰ ਢਾਹਵਾਂ

ਕੀ ਦੱਸਾਂ ਹੁਣ ਮਿਲੀਆਂ ਨੇ ਜੋ ਇਸ਼ਕ ਦੀਆਂ ਸੌਗਾਤਾਂ ,
ਜਾਂ ਕੁਝ ਦਿਲ ਦੇ ਦਰਦ ਅਵੱਲੇ ਜਾਂ ਕੁਝ ਠੰਡੀਆਂ ਹਾਅਵਾਂ

ਸੋਚਾਂ ਵਿੱਚ ਕਦੇ ਚੰਨ ਬਣ ਕੇ ਜਾ ਚਮਕਾਂ ਅਸਮਾਨੀਂ ,
ਫਿਰ ਖਾਬਾਂ ਦੇ ਅੰਬਰ ਉੱਤੋਂ ਤਾਰਾ ਬਣ ਝੜ ਜਾਵਾਂ

ਸਾਹ ਮੁੱਕਣ 'ਤੇ ਆਏ ਨੇ ਪਰ ਕਾਲ਼ੀ ਰਾਤ ਨਾ ਮੁੱਕੀ ,
ਸਮਝ ਨਾ ਆਵੇ ਲੱਪ ਚਾਨਣ ਦੀ ਕਿੱਥੋਂ ਮੈਂ ਲੈ ਆਵਾਂ

ਮੇਰੀ ਉਮਰ ਦੇ ਪੀਲੇ ਅਰਸ਼ੋਂ ਰੋਜ਼ ਸਿਤਾਰਾ ਟੁੱਟੇ,
ਉਸਦੀ ਲਾਸ਼ ਦਾ ਹਰ ਇਕ ਟੁਕੜਾ ਚੁਕ-ਚੁਕ ਸੀਨੇ ਲਾਵਾਂ

ਗਮ ਦੇ ਪੰਛੀ ਦਾ ਸਿਰਨਾਵਾਂ ਦਿਲ ਕਰ ਜਾਏ ਹਨੇਰਾ ,
ਮੈਂ ਆਪਣੇ ਹਿੱਸੇ ਦਾ ਸੂਰਜ ਕਿੱਥੋਂ ਲੱਭ ਲਿਆਵਾਂ

ਇਸ਼ਕ ਮੇਰੇ ਦੀ ਟੁੱਟੀ ਟਾਹਣੀ ਦਰਦਾਂ ਦਾ ਘੁਣ ਲੱਗਾ ,
ਸੋਚਾਂ ਮਿੱਟੀ ਬਣਨ ਤੋਂ ਪਹਿਲਾਂ ਖ਼ੁਦ ਕਬਰੀਂ ਪੈ ਜਾਵਾਂ ।

ghazal...

ਜਦ ਵੀ ਕਿਧਰੇ ਜ਼ਹਿਨ ਮੇਰੇ ਵਿਚ ਘੋਰ ਹਨੇਰਾ ਛਾ ਜਾਂਦਾ ਹੈ ।
ਛਿੱਟ ਕੁ ਚਾਨਣ ਲੈ ਕੇ ਤੇਰੀ ਯਾਦ ਦਾ ਜੁਗਨੂੰ ਆ ਜਾਂਦਾ ਹੈ ।

ਹੌਲੀ -ਹੌਲੀ ਮੁੱਕਦਾ ਜਾਵੇ ਜਿੰਦ ਮੇਰੀ ਦਾ ਪੀਲ਼ਾ ਸੂਰਜ ,
ਨਿੱਤ ਗ਼ਮਾਂ ਦਾ ਬੱਦਲ ਕੋਈ ਇਸਦਾ ਟੁਕੜਾ ਖਾ ਜਾਂਦਾ ਹੈ ।

ਹੁਣ ਤਾਂ ਅਪਣੇ ਦਰਦ ਲੁਕੋਣੇ ਲਗਦੈ ਭੁੱਲ ਗਏ ਨੇ ਦਿਲ ਨੂੰ ,
ਹੰਝੂ ਬਣ ਕੇ ਦੁਨੀਆਂ ਤਾਈਂ ਸਾਰਾ ਹਾਲ ਸੁਣਾ ਜਾਂਦਾ ਹੈ

ਪੌਣਾਂ ਦੇ ਸੰਗ ਰਲ ਕੇ ਫਿਰ ਮੈਂ ਬੱਦਲ ਬਣ ਕੇ ਉੱਡਣਾ ਚਾਹਾਂ,
ਖ਼ਾਬਾਂ ਦੇ ਵਿਚ ਭੁੱਲ -ਭੁਲੇਖੇ ਜਦ ਵੀ ਅੰਬਰ ਆ ਜਾਂਦਾ ਹੈ ।

ਜਦ ਵੀ ਮੇਰੇ ਵਿਹੜੇ ਆਵੇ ਤੇਰੀਆਂ ਯਾਦਾਂ ਵਾਲਾ ਪੰਛੀ,
ਸੀਨੇ ਨਾਲ ਲਗਾ ਕੇ ਮੈਨੂੰ ਸੁੱਤੇ ਦਰਦ ਜਗਾ ਜਾਂਦਾ ਹੈ ।

ਇਹ ਨਾ ਸਮਝੀਂ ਦਿਲ 'ਚੋਂ ਦੁੱਖਾਂ ਦੇ ਵਣਜਾਰੇ ਰੁਖ਼ਸਤ ਹੋ ਗਏ ,
ਸਹਿਜ-ਸੁਭਾ ਹੀ ਕਿਧਰੇ ਜੇ ਬੁੱਲਾਂ 'ਤੇ ਹਾਸਾ ਆ ਜਾਂਦਾ ਹੈ ।

ਵੇਖੀਂ ਅੱਖ ਵਿਚ ਆਉਣ ਨਾ ਦੇਵੀਂ ,ਮੇਰੀ ਖ਼ਾਤਰ ਰੋਕ ਲਵੀਂ ਤੂੰ ,
ਅੱਖ ਤੇਰੀ ਦਾ ਕੋਸਾ ਹੰਝੂ ਰੂਹ ਤੀਕਰ ਪਿਘਲਾ ਜਾਂਦਾ ਹੈ ।

ਦੋਸ਼ ਨਹੀ ਇਸ ਵਿਚ ਤੇਰਾ ਜੇ ਦੁੱਖ ਮੇਰੇ ਤੂੰ ਜਾਣ ਨਾ ਸਕਿਆ ,
ਖਿੜ-ਖਿੜ ਪੈਂਦਾ ਮੇਰਾ ਚਿਹਰਾ ਅਕਸਰ ਦਰਦ ਛੁਪਾ ਜਾਂਦਾ ਹੈ ।

ghazal...

ਤੁਸੀਂ ਜੋ ਦਰਦ ਦਿੱਤਾ ਹੈ ,ਉਹ ਦਿਲ ਵਿਚ ਭਰ ਲਿਆ ਆਖ਼ਰ
ਅਸੀਂ ਹਰ ਹਾਲ ਵਿਚ ਜੀਣਾ,ਇਰਾਦਾ ਕਰ ਲਿਆ ਆਖ਼ਰ

ਨਸੀਬਾਂ ਨੇ ਦਗ਼ਾ ਦਿੱਤਾ ਸੀ ਜਿਹੜੇ ਮੋੜ 'ਤੇ ਆ ਕੇ,
ਗਮਾਂ ਨੂੰ ਹਮਸਫ਼ਰ ਉਸ ਮੋੜ ਤੋਂ ਮੈਂ ਕਰ ਲਿਆ ਆਖ਼ਰ

ਤੇਰੇ ਦਰ ਆ ਨਹੀ ਹੋਣਾ ,ਖ਼ੁਦਾਇਆ ਮਾਫ਼ ਕਰ ਦੇਵੀਂ ,
ਕਿ ਉਸਦੀ ਯਾਦ ਦੇ ਪੈਰੀਂ ਮੈਂ ਇਹ ਸਿਰ ਧਰ ਲਿਆ ਆਖ਼ਰ

ਹਿਫ਼ਾਜ਼ਤ ਨਾਲ ਮੈਂ ਹਰ ਪਲ ਸਲਾਮਤ ਸਬਰ ਨੂੰ ਰੱਖਿਆ,
ਤੇ ਹਰ ਇਕ ਦਰਦ, ਰਹਿਮਤ ਸਮਝ ਉਸਦੀ ਜਰ ਲਿਆ ਆਖ਼ਰ

ਖ਼ਲਾਅ ਮਨ ਦਾ ਭਰਨ ਦੇ ਵਾਸਤੇ ਕੁਝ ਭਰਮ ਪਾਲ਼ੇ ਮੈਂ ,
ਜਿਨ੍ਹਾਂ ਵਿਚ ਜੀ ਲਿਆ ਕੁਝ ਦਿਨ ,ਜਿਨ੍ਹਾਂ ਵਿਚ ਮਰ ਲਿਆ ਆਖ਼ਰ

ਰਿਹਾ ਹੋ ਕੇ ਮੇਰੇ ਖ਼ਾਬਾਂ 'ਚੋਂ ਹੁਣ ਉਹ ਜਾ ਨਹੀਂ ਸਕਦਾ ,
ਨਜ਼ਰ ਵਿਚ ਅਕਸ ਉਸਦਾ ਕ਼ੈਦ ਏਦਾਂ ਕਰ ਲਿਆ ਆਖ਼ਰ

Sunday, December 12, 2010

ਗ਼ਜ਼ਲ

ਅੱਥਰੂਆਂ ਵਿਚ ਖੁਰਦੇ ਜਾਂਦੇ ਸੁਫ਼ਨੇ ਕਿੰਝ ਬਚਾਵਾਂਗੇ |
ਕਿੰਝ ਪੀੜਾਂ ਦੀ ਧਰਤੀ 'ਤੇ ਮਹਿਕਾਂ ਦਾ ਬੂਟਾ ਲਾਵਾਂਗੇ |

ਸ਼ਾਮ ਢਲੀ ਤੋਂ ਛੱਡ ਜਾਊਗਾ ਜਦ ਅਪਣਾ ਪਰਛਾਵਾਂ ਵੀ ,
ਰੋਂਦੀ ਫਿਰਦੀ ਯਾਦ ਤੇਰੀ ਫਿਰ ਸੀਨੇ ਨਾਲ ਲਗਾਵਾਂਗੇ |

ਤਨਹਾਈ ਦੀ ਸੂਲੀ ਉੱਤੇ ਨਿਤ ਚੜ੍ਹ ਜਾਵੇ ਮੇਰਾ ਦਿਲ,
ਰੁਸਦੇ ਜਾਂਦੇ ਸਾਹਾਂ ਤਾਂਈ ਕਿੰਨੀ ਦੇਰ ਮਨਾਵਾਂਗੇ |

ਸਾਡੀਆਂ ਰੀਝਾਂ ਵਾਲਾ ਬੂਟਾ ਸੁਕ ਜਾਣਾ ਹੈ ਆਖ਼ਰ ਨੂੰ ,
ਹੋਰ ਕਦੋਂ ਤਕ ਖ਼ੂਨ ਜਿਗਰ ਦਾ ਇਸ ਦੀ ਜੜ੍ਹ ਵਿਚ ਪਾਵਾਂਗੇ |

ਰੋਜ਼ ਰੰਗੀਲੇ ਸੁਫ਼ਨੇ ਸਾਡੇ ਟੁਕੜੇ-ਟੁਕੜੇ ਹੋ ਜਾਂਦੇ ,
ਹਾਦਸਿਆਂ ਦੇ ਰਾਹੀਂ ਆਪਾਂ ਨੀਂਦਾਂ ਕਿੰਝ ਬਚਾਵਾਂਗੇ |

ਧੁਖ਼ਦੀ ਰਹਿੰਦੀ ਹੈ ਇਕ ਧੂਣੀ ਸੀਨੇ ਦੇ ਵਿਚ ਜ਼ਖ਼ਮਾਂ ਦੀ ,
ਧੂੰਆਂ-ਧੂੰਆਂ ਹੋਏ ਦਿਲ ਵਿਚ ਤੈਨੂੰ ਕਿੰਝ ਬਿਠਾਵਾਂਗੇ|

ਖ਼ਾਮੋਸ਼ੀ ਦੇ ਜੰਗਲ ਦੇ ਵਿਚ ਜਦ ਵੀ ਭਟਕੀ ਸੋਚ ਮੇਰੀ ,
ਤੇਰੇ ਗ਼ਮ ਨੂੰ ਕੋਲ ਬਿਠਾ ਕੇ ਕੁਝ ਸੰਵਾਦ ਰਚਾਵਾਂਗੇ

ਗ਼ਜ਼ਲ

ਕਰ ਕੇ ਫੁੱਲਾਂ ਦੇ ਲਈ ਇਕ਼ਰਾਰ ਤੂੰ |
ਧਰ ਗਿਆ ਮੇਰੀ ਤਲੀ ਅੰਗਿਆਰ ਤੂੰ ।

ਦਿਲ ਨੂੰ ਦੇ ਝੂਠੀ ਤਸੱਲੀ ਹੀ ਕੋਈ ,
ਬਣ ਮੇਰਾ ਕੁਝ ਦੇਰ ਤਾਂ ਗ਼ਮਖ਼ਾਰ ਤੂੰ |

ਉਲਝਣਾ ਦਾ ਦੌਰ ਤਾਂ ਮੁਕਣਾ ਨਹੀਂ ,
ਐ ਦਿਲਾ! ਕਿੰਝ ਕੱਟਣੇ ਦਿਨ ਚਾਰ ਤੂੰ |

ਪੀਲੀ ਰੁੱਤੇ ਖ਼ਾਬ ਸਭ ਮੁਰਝਾ ਗਏ ,
ਵੇਖ ਆ ਕੇ ਸੱਜਣਾ ਇਕ ਵਾਰ ਤੂੰ |

ਸੁਫ਼ਨਿਆਂ ਨੂੰ ਪੂਰਾ ਅੰਬਰ ਬਖ਼ਸ਼ ਦੇ ,
ਜਾਣ ਦੇ ਦਿਸਹੱਦਿਆਂ ਤੋਂ ਪਾਰ ਤੂੰ |

ਦਰਦ ਮੇਰੇ ਦਿਲ ਦਾ ਜੇ ਮਿਣਨੈ ਜ਼ਰੂਰ ,
ਤੋਲ ਮੇਰੇ ਹੰਝੂਆਂ ਦਾ ਭਾਰ ਤੂੰ |

ਸਿਦਕ ਮੇਰਾ ਪਰਖ ਲੈ ਇਕ ਵਾਰ ਹੀ ,
ਮਾਰ ਨਾ ਪਲ ਵਿਚ ਹਜ਼ਾਰਾਂ ਵਾਰ ਤੂੰ |

ਰਹਿਣ ਦੇ ਕੁਝ ਭਰਮ ,ਨਜ਼ਰਾਂ ਨਾ ਚੁਰਾ ,
ਤੋੜ ਨਾ ਹੁਣ ਇੰਝ ਮੇਰਾ ਇਤਬਾਰ ਤੂੰ