Wednesday, April 25, 2012

ghazal...

ਚੱਲ ਦਿਲਾ ਕੁਝ ਵਿੱਸਰੀਆਂ ਯਾਦਾਂ ਨੂੰ ਕੋਲ ਬੁਲਾਈਏ ।
ਇਕਲਾਪੇ ਦੇ ਜੰਗਲ ਅੰਦਰ ਮਹਿਫ਼ਿਲ ਕੋਈ ਸਜਾਈਏ ।

ਮੇਰੇ ਇਸ ਵੀਰਾਨ ਸ਼ਹਿਰ ਵਿਚ ਤਨਹਾਈਆਂ ਦਾ ਪਹਿਰਾ,
ਜ਼ਖ਼ਮੀ ਦਿਲ ਦਾ ਹਾਲ ਅਵੱਲਾ ਕਿਸ ਨੂੰ ਬੈਠ ਸੁਣਾਈਏ ।

ਏਸ ਉਦਾਸੇ ਮੌਸਮ ਅੰਦਰ ਜੀਣਾ ਮੁਸ਼ਕਿਲ ਹੈ, ਪਰ
ਦੰਦਾਂ ਹੇਠਾਂ ਜੀਭ ਦਬਾ ਕੇ ਵਕ਼ਤ ਗੁਜ਼ਾਰੀ ਜਾਈਏ ।

ਲੜਦੇ ਲੜਦੇ ਪੀੜਾਂ ਨਾਲ ਗਵਾਚੀ ਰੂਹ ਦੀ ਸਰਗਮ ,
ਸਮਝ ਨਾ ਆਵੇ ਦਿਲ ਦੀ ਵੇਦਨ ਕਿਹੜੀ ਸੁਰ ਵਿਚ ਗਾਈਏ ।

ਸੂਰਜ ਬਣ ਕੇ ਨੇਰ੍ਹੇ ਨਾਲ ਗਿਆ ਨਾ ਸਾਥੋਂ ਲੜਿਆ ,
ਜੁਗਨੂੰ ਵਾਂਗਰ ਜੂਝਣ ਦਾ ਪਰ ਜੇਰਾ ਪਾਲੀ ਜਾਈਏ ।

ਜੋਗੀ ਵਾਲੀ ਫੇਰੀ ਜਗ 'ਤੇ ਅਲਖ ਜਗਾ ਤੁਰ ਜਾਣਾ ,
ਐਵੇਂ ਤੇਰੀ- ਮੇਰੀ ਦੇ ਵਿਚ ਹਉਮੈ ਨੂੰ ਭਰਮਾਈਏ ।

ghazal....

ਆਪਣਿਆਂ ਦੀ ਦੁਨੀਆਂ ਦੇ ਵਿਚ ਹੋ ਗਏ ਕੱਲ -ਮੁ-ਕੱਲੇ ਹੁਣ ।
ਯਾਦਾਂ  ਦੇ  ਸਰਮਾਏ  ਬਾਝੋਂ  ਹੋਰ  ਨਹੀਂ ਕੁਝ   ਪੱਲੇ  ਹੁਣ ।

ਗਹਿਰ ਜਿਹੀ ਹੈ ਦਿਸਹੱਦੇ ਤੱਕ ਧੁੰਦਲਾ ਜਾਪੇ ਚੌਗਿਰਦਾ ,
ਹੰਝੂਆਂ ਦੀ ਬਾਰਿਸ਼ ਮਗਰੋਂ ਵੀ ਧੂੜ ਨਾ ਬੈਠੇ ਥੱਲੇ ਹੁਣ ।

ਜੁਗਨੂੰ ,ਚੰਨ ,ਸਿਤਾਰੇ ਰੁੱਸੇ ਸਾਥ  ਨਾ ਦਿੰਦਾ ਕੋਈ ਵੀ ,
ਮੰਜ਼ਿਲ ਦੇ ਵੱਲ ਜਾਂਦੇ ਸਾਰੇ ਰਾਹ   ਨ੍ਹੇਰੇ ਨੇ ਮੱਲੇ ਹੁਣ ।

ਘੁਲ਼ ਕੇ ਸਾਰੇ ਦਰਦ ਪੁਰਾਣੇ   ਅੱਥਰੂਆਂ  ਦੀ ਜੂਨ  ਪਏ,
ਜਦ ਨੈਣਾਂ ਵਿਚ ਆਉਂਦੇ ਨੇ ਤਾਂ ਫਿਰ ਨਾ ਜਾਂਦੇ ਠੱਲ੍ਹੇ ਹੁਣ ।

ਇਕ ਬੇਵੱਸ ਤੇ ਤਲਖ਼ ਸਮੁੰਦਰ ਰੂਹ ਦੇ ਅੰਦਰ ਤੜਪ ਰਿਹਾ,
ਗ਼ਮ, ਪੀੜਾਂ ਤੇ ਤਨਹਾਈਆਂ ਨੇ ਸਾਰੇ ਪੱਤਣ   ਮੱਲੇ ਹੁਣ ।

ਧੁਰ ਅੰਦਰ ਤੱਕ ਦਿਲ ਸੜਦਾ ਹੈ ਉਸਦੇ ਤਪਦੇ ਬੋਲਾਂ ਨਾਲ ,
ਉਸਨੂੰ ਕਹਿਣਾ ਕਣੀਆਂ ਵਰਗੇ  ਇਕ ਦੋ ਅੱਖ਼ਰ ਘੱਲੇ ਹੁਣ ।

ਸਾਹ ਰ਼ਗ  ਤੋਂ ਵੀ  ਨੇੜੇ ਹੈਂ ਤੂੰ ਏਦਾਂ ਵੀ ਨਾ   ਮੂੰਹ ਮੋੜੀਂ ,
ਇਕ ਪਲ ਦਾ ਵੀ ਰੋਸਾ ਤੇਰਾ ਜਿੰਦ ਮੇਰੀ ਨਾ ਝੱਲੇ ਹੁਣ ।

ghazal....

ਜੀਣ ਦੀ ਚਾਹਤ 'ਚ ਅਕਸਰ ਘਾੜਤਾਂ ਘੜਦੇ ਰਹੇ ।
ਨੇਰ੍ਹਿਆਂ ਸੰਗ ਲੜਨ ਨੂੰ ਜੁਗਨੂੰ ਅਸੀਂ ਫੜਦੇ ਰਹੇ ।


ਖੇਡ ਸੀ ਤਕਦੀਰ ਦੀ ਇਹ ਜਾਂ ਤਕਾਜ਼ਾ ਵਕ਼ਤ ਦਾ,
ਧੁੱਪਾਂ ਵਿਚ ਠਰਦੇ ਰਹੇ ਤੇ ਛਾਵਾਂ ਵਿਚ ਸੜਦੇ ਰਹੇ ।


ਪਰਖ਼ ਨਾ ਹੋਇਆ ਜਿਨ੍ਹਾਂ ਤੋਂ ਕੱਚ-ਸੱਚ ਵਿਸ਼ਵਾਸ ਦਾ ,
ਉਹ ਆਸਾਡੀ ਆਸਥਾ ਛੱਜਾਂ 'ਚ ਪਾ ਛੜਦੇ ਰਹੇ ।


ਘੜ ਲਏ ਲੋਕਾਂ ਨੇ ਪਹਿਲਾਂ ਰੱਬ ਆਪੋ -ਆਪਣੇਂ ,
ਫਿਰ ਖ਼ੁਦਾਈ ਵਾਸਤੇ ਆਪਸ ਦੇ ਵਿਚ ਲੜਦੇ ਰਹੇ ।


ਭੇਜਣਾ ਹੀ ਤੂੰ ਜੇ ਹੈ ਤਾਂ ਭੇਜ ਹੁਣ ਲਸ਼ਕਰ ਕੋਈ ,
ਸਿਦਕ਼ ਅੱਗੇ ਇੱਕਾ-ਦੁੱਕਾ ਗ਼ਮ ਕਦੋਂ ਖੜਦੇ ਰਹੇ ।


ਹੋਰ ਕੀ ਅਨਹੋਣੀਆਂ ਦੀ ਦੋਸਤਾ ਚਰਚਾ ਕਰਾਂ ,
ਨੀਂਦਰਾਂ 'ਚੋਂ ਸੁਫ਼ਨਿਆਂ ਦੇ ਅਕਸ ਵੀ ਝੜਦੇ ਰਹੇ |