Monday, March 14, 2011

ghazal...

ਤੜਪਦੀ ਸਾਗਰ ਕਿਨਾਰੇ ਪਿਆਸ ਬਾਕੀ ਹੈ ਅਜੇ |

ਦਿਲ 'ਚ ਤੈਨੂੰ ਮਿਲਣ ਦੀ ਇਕ ਆਸ ਬਾਕੀ ਹੈ ਅਜੇ|

ਮੇਰਾ ਭਟਕਣ ਨਾਲ ਰਿਸ਼ਤਾ ਤਾਂ ਕਈ ਜਨਮਾਂ ਤੋਂ ਹੈ ,

ਖੌਰੇ ਕਿੰਨਾ ਹੋਰ ਇਹ ਬਨਵਾਸ ਬਾਕੀ ਹੈ ਅਜੇ |

ਤੇਰੇ ਬਾਝੋਂ ਭਾਵੇਂ ਪੱਥਰ ਹੋ ਗਈ ਹਾਂ, ਫੇਰ ਵੀ

ਛੋਹ ਤੇਰੀ ਦਾ ਦਿਲ ਦੇ ਵਿਚ ਅਹਿਸਾਸ ਬਾਕੀ ਹੈ ਅਜੇ |

ਗ਼ਮ ਦੀਆਂ ਵੀਰਾਨੀਆਂ ਵਿਚ ਭਟਕਦੀ ਹੋਈ ਜਿੰਦ ਨੂੰ ,

ਰੌਣਕਾਂ ਦੇ ਮੁੜਨ ਦਾ ਧਰਵਾਸ ਬਾਕੀ ਹੈ ਅਜੇ |

ਹਉਕਿਆਂ ਤੇ ਹਾਅਵਿਆਂ ਨੇ ਰਾਖ ਕੀਤੀ ਜਿੰਦੜੀ ,

ਧੜਕਣਾਂ ਵਿਚ ਸੁਲਘਦਾ ਅਹਿਸਾਸ ਬਾਕੀ ਹੈ ਅਜੇ|

ਜ਼ਿੰਦਗੀ ਵਿਚ ਹਰ ਕਦਮ 'ਤੇ ਮਾਤ ਹੀ ਖਾਧੀ ਹੈ ਪਰ ,

ਜਿੱਤ ਲਵਾਂਗੇ ਦਿਲ ਤੇਰਾ ,ਵਿਸ਼ਵਾਸ ਬਾਕੀ ਹੈ ਅਜੇ |

ਲਰਜ਼ਦੇ ਨੇ ਖ਼ਾਬ ਜੋ ਪਲਕਾਂ 'ਤੇ ਬਣ ਕੇ ਅੱਥਰੂ

ਇਹ ਸਲਾਮਤ ਰਹਿਣਗੇ ਇਕ ਆਸ ਬਾਕੀ ਹੈ ਅਜੇ ।

No comments:

Post a Comment