Sunday, December 12, 2010

ਗ਼ਜ਼ਲ

ਕਰ ਕੇ ਫੁੱਲਾਂ ਦੇ ਲਈ ਇਕ਼ਰਾਰ ਤੂੰ |
ਧਰ ਗਿਆ ਮੇਰੀ ਤਲੀ ਅੰਗਿਆਰ ਤੂੰ ।

ਦਿਲ ਨੂੰ ਦੇ ਝੂਠੀ ਤਸੱਲੀ ਹੀ ਕੋਈ ,
ਬਣ ਮੇਰਾ ਕੁਝ ਦੇਰ ਤਾਂ ਗ਼ਮਖ਼ਾਰ ਤੂੰ |

ਉਲਝਣਾ ਦਾ ਦੌਰ ਤਾਂ ਮੁਕਣਾ ਨਹੀਂ ,
ਐ ਦਿਲਾ! ਕਿੰਝ ਕੱਟਣੇ ਦਿਨ ਚਾਰ ਤੂੰ |

ਪੀਲੀ ਰੁੱਤੇ ਖ਼ਾਬ ਸਭ ਮੁਰਝਾ ਗਏ ,
ਵੇਖ ਆ ਕੇ ਸੱਜਣਾ ਇਕ ਵਾਰ ਤੂੰ |

ਸੁਫ਼ਨਿਆਂ ਨੂੰ ਪੂਰਾ ਅੰਬਰ ਬਖ਼ਸ਼ ਦੇ ,
ਜਾਣ ਦੇ ਦਿਸਹੱਦਿਆਂ ਤੋਂ ਪਾਰ ਤੂੰ |

ਦਰਦ ਮੇਰੇ ਦਿਲ ਦਾ ਜੇ ਮਿਣਨੈ ਜ਼ਰੂਰ ,
ਤੋਲ ਮੇਰੇ ਹੰਝੂਆਂ ਦਾ ਭਾਰ ਤੂੰ |

ਸਿਦਕ ਮੇਰਾ ਪਰਖ ਲੈ ਇਕ ਵਾਰ ਹੀ ,
ਮਾਰ ਨਾ ਪਲ ਵਿਚ ਹਜ਼ਾਰਾਂ ਵਾਰ ਤੂੰ |

ਰਹਿਣ ਦੇ ਕੁਝ ਭਰਮ ,ਨਜ਼ਰਾਂ ਨਾ ਚੁਰਾ ,
ਤੋੜ ਨਾ ਹੁਣ ਇੰਝ ਮੇਰਾ ਇਤਬਾਰ ਤੂੰ

2 comments:

  1. ਸੁਫ਼ਨਿਆਂ ਨੂੰ ਪੂਰਾ ਅੰਬਰ ਬਖ਼ਸ਼ ਦੇ ,
    ਜਾਣ ਦੇ ਦਿਸਹੱਦਿਆਂ ਤੋਂ ਪਾਰ ਤੂੰ |

    ਬਹੁਤ ਖੂਬ, ਉਚੀ ਉਡਾਣ ਵਾਲਾ ਸ਼ਿਅਰ ਹੈ। ਮੈਨੂੰ ਪਸੰਦ ਆਇਆ।
    ਗੁਰਦੀਪ

    ReplyDelete