Tuesday, June 28, 2011

ghazal...

ਅਜ ਫਿਰ ਜਦ ਤਨਹਾਈ ਅੰਦਰ ਤੇਰਾ ਚੇਤਾ ਆਇਆ ਸੀ |

ਕੀ ਦੱਸਾਂ ਮੈਂ ਤੇਰੇ ਬਿਨ ਕਿੱਦਾਂ ਉਹ ਵਕ਼ਤ ਲੰਘਾਇਆ ਸੀ

ਇਸ ਦਾ ਦੁੱਖ ਨਹੀਂ ਕਿ ਦਿਨ ਢਲਦੇ ਹੀ ਸਾਰੇ ਛੱਡ ਗਏ,

ਗ਼ਮ ਤਾਂ ਇਹ ਹੈ ਸ਼ਭ ਤੋਂ ਪਹਿਲਾਂ ਤੁਰਿਆ ਮੇਰਾ ਸਾਇਆ ਸੀ |

ਤੇਰੇ ਮਿੱਠੇ ਬੋਲਾਂ 'ਤੇ ਇਹ ਖੌਰੇ ਕਿੱਦਾਂ ਰੀਝ ਗਿਆ ,

ਮੈਂ ਤਾਂ ਆਪਣੇ ਪਾਗਲ ਦਿਲ ਨੂੰ ਸੌ ਵਾਰੀ ਸਮਝਾਇਆ ਸੀ |

ਗ਼ਮ ਦੀ ਧੁੱਪ 'ਚ ਸੜਦੇ ਹੋਏ ਅਹਿਸਾਸਾਂ ਦੇ ਥਲ ਉੱਤੇ ,

ਇਕ ਤੇਰਾ ਹੀ ਮੋਹ ਸੀ ਜਿਹੜਾ ਬੱਦਲ ਬਣ ਕੇ ਛਾਇਆ ਸੀ |

ਤੇਰੇ ਮੱਥੇ ਦੀ ਸਿਲਵਟ ਨੇ ਇਕ ਛਿਣ ਵਿਚ ਧੁੰਦਲਾ ਦਿੱਤਾ ,

ਵਰ੍ਹਿਆਂ ਪਿੱਛੋਂ ਦਿਲ ਦਾ ਖੰਡਰ ਰੀਝਾਂ ਨੇ ਰੁਸ਼ਨਾਇਆ ਸੀ |

ਆਪਣੀਆਂ ਲੋੜਾਂ ਦੀ ਖਾਤਰ ਤਾਂ ਸਭ ਸੂਲੀ ਚੜ੍ਹਦੇ ਨੇ ,

ਇਕ ਸੁਫ਼ਨੇ ਦੀ ਖਾਤਰ ਮਰਨਾ ਮੇਰੇ ਹਿੱਸੇ ਆਇਆ ਸੀ |

ਮੇਰੇ ਦਿਲ ਦੀ ਜ਼ਿਦ ਸੀ ਤੂਫ਼ਾਨਾਂ ਦੀ ਹਿੰਮਤ ਪਰਖਣ ਦੀ ,

ਤਾਂ ਹੀ ਮੈਂ ਦਰਿਆ ਕੰਢੇ ਰੇਤੇ ਦਾ ਮਹਿਲ ਬਣਾਇਆ ਸੀ |

ਹੱਸ ਕੇ ਗਲ ਨੂੰ ਲਾ ਲੈਂਦਾ ਸੀ ਹਾਦਸਿਆਂ ਦੀਆਂ ਲਾਟਾਂ ਜੋ,

ਲੋਕੀ ਆਖਣ ਝੱਲਾ ਪਰ ਉਹ ਚਾਨਣ ਦਾ ਤਿਰਹਾਇਆ ਸੀ

1 comment: