Monday, June 13, 2011

ghazal...

ਸਾਰੀ ਉਮਰ ਕਦੇ ਨਾ ਅਪਣੇ ਰਾਹਾਂ ਵਿੱਚ ਉਜਾਲੇ ਵੇਖੇ ।

ਰਾਤਾਂ ਦੀ ਕੀ ਗੱਲ ਸੁਣਾਵਾਂ, ਦਿਨ ਵੀ ਕਾਲੇ ਕਾਲੇ ਵੇਖੇ ।


ਜੀ ਕਰਦਾ ਮੇਰੇ ਘਰ ਆ ਕੇ ਠੰਡੀ ਛਾਂ ਦਾ ਟੁਕੜਾ ਕੋਈ ,

ਧੁੱਪਾਂ ਦੀ ਬਖ਼ਸ਼ਿਸ਼ ਨੇ ਜਿਹੜੇ , ਪੈਰਾਂ ਦੇ ਵਿਚ ਛਾਲੇ ਵੇਖੇ |


ਅਕਸ ਤੇਰਾ ਸੰਭਾਲ ਨਾ ਹੋਵੇ ਖਾਲੀ ਦਿਲ ਦੇ ਸ਼ੀਸ਼ੇ ਕੋਲੋਂ ,

ਉਂਜ ਪੀੜਾਂ ਦੇ ਕਿੰਨੇ ਲਸ਼ਕਰ ਦਿਲ ਅੰਦਰ ਸੰਭਾਲੇ ਵੇਖੇ |


ਚਾਨਣ ਦੀ ਇਕ ਚਿਣਗ ਲਈ ਖੁਦ ਤਾਂ ਭਟਕੇ ਹਾਂ ਸਾਰੀ ਉਮਰਾ,

ਉਸਦੇ ਨ੍ਹੇਰੇ ਰਾਹਾਂ ਵਿਚ ਪਰ ਕਿੰਨੇ ਦੀਵੇ ਬਾਲੇ ਵੇਖੇ |


ਮੈਥੋਂ ਹੁਣ ਪਹਿਚਾਨ ਨਾ ਹੋਵੇ ਅਪਣਾ ਕੌਣ ਬਿਗਾਨਾ ਕਿਹੜਾ ,

ਅੱਜ ਕਲ੍ਹ ਪਹਿਨ ਮਖੌਟੇ ਲੋਕੀ ਫਿਰਦੇ ਆਲ-ਦੁਆਲੇ ਵੇਖੇ |


'ਕੱਲਿਆਂ ਬਹਿ ਕੇ ਜਦ ਵੀ ਕਿਧਰੇ ਅਪਣੇ ਅੰਦਰ ਝਾਤੀ ਮਾਰੀ ,

ਸੋਚਾਂ ਦੀ ਸੁੰਨਸਾਨ ਹਵੇਲੀ ਅੰਦਰ ਲਟਕੇ ਜਾਲੇ ਵੇਖੇ |


ਇਸਤੋਂ ਇਹ ਮਤਲਬ ਨਾ ਲੈ ਕਿ ਬਣ ਹੋਇਆ ਸੁਕਰਾਤ ਨਾ ਮੈਥੋਂ ,

ਮੇਰੇ ਹੱਥਾਂ ਵਿੱਚ ਨਹੀ ਤੂੰ ਜੇਕਰ ਜ਼ਹਿਰ -ਪਿਆਲੇ ਵੇਖੇ |

No comments:

Post a Comment