Wednesday, November 2, 2011

ghazal...

ਹੋਵੇ ਜੇ ਦਿਲ ਉਦਾਸ ਤਾਂ ਫਿਰ ਕੋਈ ਕੀ ਕਰੇ ।

ਭਟਕੇ ਜੇ ਰੂਹ ਨਿਰਾਸ ਤਾਂ ਫਿਰ ਕੋਈ ਕੀ ਕਰੇ ।

ਬੀਤੇ ਹਯਾਤ ਮੰਜ਼ਿਲਾਂ ਦੀ ਭਾਲ ਵਿਚ ਅਤੇ ,

ਰਸਤਾ ਨਾ ਆਵੇ ਰਾਸ ਤਾਂ ਫਿਰ ਕੋਈ ਕੀ ਕਰੇ ।

ਕਰ ਕੇ ਹਮੇਸ਼ਾ ਚਸ਼ਮਿਆਂ ਦਾ ਜ਼ਿਕਰ ਉਹ ਮੇਰੀ ,

ਪਰਖੇ ਜੇ ਸਿਰਫ਼ ਪਿਆਸ ਤਾਂ ਫਿਰ ਕੋਈ ਕੀ ਕਰੇ ।

ਡਰ ਕੇ ਮੇਰੀ ਤਨਹਾਈ ਦੇ ਆਲਮ ਤੋਂ ਦੋਸਤੋ ,

ਗ਼ਮ ਵੀ ਨਾ ਆਵੇ ਪਾਸ ਤਾਂ ਫਿਰ ਕੋਈ ਕੀ ਕਰੇ ।

ਪੀ ਕੇ ਤਮਾਮ ਉਮਰ ਵੀ ਹਿਜਰਾਂ ਦੇ ਜ਼ਹਿਰ ਨੂੰ ,

ਬਾਕੀ ਰਹੇ ਜੇ ਪਿਆਸ ਤਾਂ ਫਿਰ ਕੋਈ ਕੀ ਕਰੇ ।

ਜਿਸਨੂੰ ਖ਼ੁਦਾ ਬਣਾ ਲਿਆ ਹੈ ਆਦਮੀ ਤੋਂ ਮੈਂ ,

ਉਸਨੂੰ ਨਹੀਂ ਜੇ ਪਾਸ ਤਾਂ ਫਿਰ ਕੋਈ ਕੀ ਕਰੇ ।

ਡੋਲੀ ਨਾ ਉਮਰ ਭਰ ਕਦੇ ਮੈਂ ਗ਼ਮ ਦੇ ਭਾਰ ਨਾਲ ,

ਮੁਕ ਜਾਣ ਜੇਕਰ ਸਵਾਸ ਤਾਂ ਫਿਰ ਕੋਈ ਕੀ ਕਰੇ ।

No comments:

Post a Comment